ਮਹਾਰਾਸ਼ਟਰ ਦੀ ਰਾਜਨੀਤੀ
ਮਹਾਰਾਸ਼ਟਰ ਦੇ ਪ੍ਰਮੁੱਖ ਰਾਜਨੀਤਕ ਵੰਸ਼ਾਂ ਵਿੱਚੋਂ ਇੱਕ ਅਤੇ ਹੁਣ ਆਪਣੇ ਅਤੀਤ ਦੀ ਪਿੱਲੀ ਛਾਇਆ ਬਣੇ ਹੋਏ ਸਿਆਸੀ ਖ਼ਾਨਦਾਨ ’ਚ ਨਵੀਂ ਰੂਹ ਫੂਕੇ ਜਾਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ- ਬਸ਼ਰਤੇ ਰੁੱਸੇ ਹੋਏ ਚਚੇਰੇ ਭਰਾ ਊਧਵ ਠਾਕਰੇ ਤੇ ਰਾਜ ਠਾਕਰੇ ਨਾਰਾਜ਼ਗੀ ਖ਼ਤਮ ਕਰਨ ਲਈ ਸ਼ਬਦਾਂ ਤੋਂ ਅਮਲੀ ਕਾਰਵਾਈ ਵੱਲ ਵਧਣ। ਸਾਬਕਾ ਮੁੱਖ ਮੰਤਰੀ ਊਧਵ, ਜੋ ਸ਼ਿਵ ਸੈਨਾ ਧੜੇ ਦੀ ਅਗਵਾਈ ਕਰਦੇ ਹਨ ਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐੱਨਐੱਸ) ਦੇ ਮੁਖੀ ਰਾਜ ਠਾਕਰੇ ਨੇ ‘ਮਰਾਠੀ ਮਾਨੂਸ਼’ (ਮਰਾਠੀ ਭਾਸ਼ਾਈ ਸਥਾਨਕ ਲੋਕਾਂ) ਦੇ ਹਿੱਤਾਂ ਖਾਤਰ ਇਕੱਠੇ ਹੋਣ ਦਾ ਇਰਾਦਾ ਜ਼ਾਹਿਰ ਕੀਤਾ ਹੈ। ਗਹਿਰਾਈ ਨਾਲ ਵਾਚੀਏ ਤਾਂ ਇਹ ਉਨ੍ਹਾਂ ਦੀਆਂ ਪਾਰਟੀਆਂ ਦੀ ਰਾਜਨੀਤਕ ਹੋਂਦ ਦਾ ਪਤਨ ਹੈ, ਜੋ ਦੋਵਾਂ ਨੂੰ ਇੱਕ-ਦੂਜੇ ਵੱਲ ਖਿੱਚ ਲਿਆਇਆ ਹੈ। ਸੰਭਾਵੀ ਸੁਲ੍ਹਾ ਦਾ ਮੁੰਬਈ ਨਗਰ ਨਿਗਮ ਦੀਆਂ ਵੱਕਾਰੀ ਚੋਣਾਂ ’ਤੇ ਅਸਰ ਪੈ ਸਕਦਾ ਹੈ, ਜਿਨ੍ਹਾਂ ਦੇ ਇਸ ਸਾਲ ਹੋਣ ਦੀ ਸੰਭਾਵਨਾ ਹੈ।
ਰਾਜ ਠਾਕਰੇ ਨੇ ਆਪਣੇ ਤਾਏ ਅਤੇ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਨਾਲ ਤਕਰਾਰ ਤੋਂ ਬਾਅਦ ਦੋ ਦਹਾਕੇ ਪਹਿਲਾਂ ਪਾਰਟੀ ਛੱਡ ਦਿੱਤੀ ਸੀ। ਬਾਲ ਠਾਕਰੇ ਉਦੋਂ ਆਪਣੇ ਪੁੱਤਰ ਊਧਵ ਨੂੰ ਪਾਰਟੀ ਦਾ ਪ੍ਰਮੁੱਖ ਆਗੂ ਬਣਾਉਣ ਦੀ ਉਤੇਜਨਾ ’ਤੇ ਕਾਬੂ ਨਹੀਂ ਰੱਖ ਸਕੇ। ਰਾਜ ਦੀ ਨਵੀਂ ਉਡਾਣ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ 13 ਸੀਟਾਂ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ; ਹਾਲਾਂਕਿ ਕਈ ਸਾਲਾਂ ਤੱਕ ਪਾਰਟੀ ਖੂੰਜੇ ਹੀ ਲੱਗੀ ਰਹੀ ਤੇ ਪਿਛਲੇ ਸਾਲ ਦੀਆਂ ਚੋਣਾਂ ਵਿੱਚ ਖਾਤਾ ਤੱਕ ਨਹੀਂ ਖੁੱਲ੍ਹਿਆ। ਫਿਰ ਵੀ ਰਾਜ ਠਾਕਰੇ ਪ੍ਰਭਾਵੀ ਨੇਤਾ ਬਣੇ ਰਹੇ, ਖ਼ਾਸ ਤੌਰ ’ਤੇ ਆਪਣੇ ਤਿੱਖੇ ‘ਮਰਾਠੀ ਪਹਿਲਾਂ’ ਏਜੰਡੇ ਕਰ ਕੇ। ਹੈਰਾਨੀ ਦੀ ਗੱਲ ਨਹੀਂ ਕਿ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਪਿਛਲੇ ਹਫ਼ਤੇ ਰਾਜ ਠਾਕਰੇ ਨੂੰ ਉਸ ਦੀ ਰਿਹਾਇਸ਼ ’ਤੇ ਮਿਲਣ ਗਏ। ਸ਼ਿੰਦੇ, ਜਿਸ ਨੇ 2022 ਵਿੱਚ ਊਧਵ ਨਾਲੋਂ ਨਾਤਾ ਤੋੜ ਲਿਆ ਸੀ ਤੇ ਹੁਣ ‘ਅਧਿਕਾਰਤ’ ਸ਼ਿਵ ਸੈਨਾ ਚਲਾ ਰਿਹਾ ਹੈ, ਨਿਗਮ ਚੋਣਾਂ ਵਿੱਚ ਆਪਣੀ ਪਾਰਟੀ ਦੀ ਸਫਲਤਾ ਯਕੀਨੀ ਬਣਾਉਣ ਲਈ ਕਾਹਲਾ ਹੈ। ਸ਼ਿੰਦੇ ਨੂੰ ਪਤਾ ਹੈ ਕਿ ਆਸ ਨਾਲੋਂ ਮਾੜੀ ਕਾਰਗੁਜ਼ਾਰੀ ਕਰ ਕੇ ਹਾਵੀ ਹੋ ਰਹੀ ਭਾਜਪਾ ’ਚ ਉਸ ਦਾ ਰੁਤਬਾ ਹੋਰ ਕਮਜ਼ੋਰ ਹੋਵੇਗਾ। ਖ਼ੁਦ ਲਈ ਚੰਗਾ ਸੌਦਾ ਕਰਨ ਲਈ ਜਾਣਿਆ ਜਾਂਦਾ ਰਾਜ ਠਾਕਰੇ ਸ਼ਾਇਦ ਜਦੋਂ ਤੱਕ ਹੋ ਸਕੇ, ਆਪਣੇ ਬਦਲ ਖੁੱਲ੍ਹੇ ਰੱਖੇਗਾ।
ਇਹ ਜ਼ਿਆਦਾਤਰ ਊਧਵ ਦੀਆਂ ਕੋਸ਼ਿਸ਼ਾਂ ਉੱਤੇ ਨਿਰਭਰ ਰਹੇਗਾ ਕਿ ਉਹ ਆਪਣੇ ਚਚੇਰੇ ਭਰਾ ਨੂੰ ਕਿਵੇਂ ਜਿੱਤਦੇ ਹਨ। ਊਧਵ ਠਾਕਰੇ ਨੇ ਪਹਿਲਾਂ ਹੀ ਚੌਕਸ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ‘ਚੋਰਾਂ’ ਦੀ ਮਦਦ ਲਈ ਕੁਝ ਵੀ ਨਾ ਕੀਤਾ ਜਾਵੇ, ਇਹ ਟਿੱਪਣੀ ਲੁਕਵੇਂ ਰੂਪ ’ਚ ਸੱਤਾਧਾਰੀ ਮਹਾਯੁਤੀ ਸਰਕਾਰ ਵੱਲ ਸੇਧਿਤ ਹੈ ਜਿਸ ਵਿੱਚ ਭਾਰਤੀ ਜਨਤਾ ਪਾਰਟੀ, ਸ਼ਿੰਦੇ ਧੜਾ ਤੇ ਅਜੀਤ ਪਵਾਰ ਦੀ ਐੱਨਸੀਪੀ ਸ਼ਾਮਿਲ ਹੈ। ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਦੀ ਖਿੱਚੋਤਾਣ ਵਿਚਾਲੇ, ਠਾਕਰੇ ਭਰਾਵਾਂ ਨੂੰ ਚੰਗੀ ਸਲਾਹ ਇਹੀ ਹੋਵੇਗੀ ਕਿ ਉਹ ਸਾਂਝੇ ਹਿੱਤਾਂ ਖ਼ਾਤਿਰ ਆਪਣੇ ਫ਼ਰਕ ਮਿਟਾਉਣ।