ਮਹਾਨ ਕੋਸ਼ ’ਚ ਸੋਧ ਲਈ ਤਿਆਰ ਹੋਵੇਗੀ ਅੰਤਿਕਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਪਰੈਲ
ਪੰਜਾਬੀ ਯੂਨੀਵਰਸਿਟੀ ਨੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰੁਸ਼ਬਦਰਤਨਾਕਰ ਮਹਾਨ ਕੋਸ਼ ਵਿੱਚ ਦਰਸਾਈਆਂ ਗ਼ਲਤੀਆਂ ਦਾ ਮਸਲਾ ਹੱਲ ਕਰਨ ਲਈ ਕੰਮ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਅੱਜ ’ਵਰਸਿਟੀ ਦੇ ਰਜਿਸਟਰਾਰ ਦੀ ਪ੍ਰਧਾਨਗੀ ਹੇਠ ਡੀਨ, ਅਕਾਦਮਿਕ ਮਾਮਲੇ, ਡਾਇਰੈਕਟਰ, ਯੋਜਨਾ ਅਤੇ ਨਿਰੀਖਣ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਦੀ ਮੌਜੂਦਗੀ ’ਚ ਮਹਾਨ ਕੋਸ਼ ਸਬੰਧੀ ਬਣਾਈ ਉੱਚ ਪੱਧਰੀ ਕਮੇਟੀ, ਸੋਧਕਾਂ ਅਤੇ ਪ੍ਰਾਜੈਕਟ ਕੋਆਰਡੀਨੇਟਰ ਆਦਿ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਪਿਛਲੇ ਸਮੇਂ ਦੌਰਾਨ ਮਹਾਨ ਕੋਸ਼ ਵਿੱਚ ਦਰਸਾਈਆਂ ਗ਼ਲਤੀਆਂ ਦਾ ਸੰਕਲਨ ਕਰਨ ਲਈ ਤਿੰਨ ਮੈਂਬਰੀ ਕਮੇਟੀ ਨੂੰ ਦਿੱਤੇ ਕਾਰਜ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੰਕਲਨ ਕਰਤਾਵਾਂ ਪ੍ਰੋ. ਧਨਵੰਤ ਕੌਰ, ਪ੍ਰੋ. ਜੋਗਾ ਸਿੰਘ ਤੇ ਪ੍ਰੋ. ਓਪੀ ਵਸ਼ਿਸਟ ਵੱਲੋਂ ਸੰਕਲਨ ਕਾਰਜ ਦੀਆਂ ਪੇਸ਼ ਰਿਪੋਰਟਾਂ ’ਤੇ ਚਰਚਾ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਮਹਾਨ ਕੋਸ਼ ਨੂੰ ਸੋਧਣ ਲਈ ਅੰਤਿਕਾ ਤਿਆਰ ਕੀਤੀ ਜਾਵੇਗੀ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਅਨੁਸਰ ਇਹ ਅੰਤਿਕਾ ਬਣਾਉਣ ਦੀ ਜ਼ਿੰਮੇਵਾਰੀ ਪ੍ਰੋ. ਜੋਗਾ ਸਿੰਘ ਅਤੇ ਪ੍ਰੋ. ਪਰਮਜੀਤ ਸਿੰਘ ਢੀਂਗਰਾ ਦੀ ਲਗਾਈ ਗਈ।
ਇਸ ਕਾਰਜ ਲਈ ਡੇਢ ਮਹੀਨੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸੇ ਦੌਰਾਨ ’ਵਰਸਿਟੀ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮਹਾਨ ਕੋਸ਼ ਵਿੱਚ ਦਰਸਾਈਆਂ ਗ਼ਲਤੀਆਂ ਨੂੰ ਦਰੁਸਤ ਕਰ ਕੇ ਆਨਲਾਈਨ ਐਡੀਸ਼ਨ ਤਿਆਰ ਕੀਤਾ ਜਾਵੇਗਾ। ਇਸ ਵਿੱਚ ਪ੍ਰੋ. ਧਨਵੰਤ ਕੌਰ, ਪ੍ਰੋ. ਜੋਗਾ ਸਿੰਘ ਅਤੇ ਪ੍ਰੋ. ਓਪੀ ਵਸ਼ਿਸਟ ਮਦਦ ਕਰਨਗੇ। ਉਧਰ, ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਪੁਰੀ ਨੇ ਦੱਸਿਆ ਕਿ ਪੰਜਾਬੀ ’ਵਰਸਿਟੀ ਮਹਾਨ ਕੋਸ਼ ਨੂੰ ਦਰੁਸਤ ਕਰਨ ਦੇ ਰਾਹ ’ਤੇ ਇਮਾਨਦਾਰੀ ਤੇ ਗੰਭੀਰਤਾ ਨਾਲ ਕਦਮ ਪੁੱਟ ਰਹੀ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਇਸ ਮਹਾਨ ਕੋਸ਼ ’ਚ ਵਿਚਲੇ 13,89,000 ਸ਼ਬਦਾਂ ਵਿੱਚੋਂ 10 ਹਜ਼ਾਰ ਗ਼ਲਤੀਆਂ ਲੱਭੀਆਂ ਹਨ। ਇਨ੍ਹਾਂ ’ਚੋਂ ਵੀ ਬਹੁਤੀਆਂ ਕੰਨਾ-ਬਿੰਦੀ ਆਦਿ ਦੀਆਂ ਦੱਸੀਆਂ ਜਾ ਰਹੀਆਂ ਹਨ। ਉਂਜ ਮਾਹਿਰਾਂ ਦਾ ਕਹਿਣਾ ਹੈ ਕਿ ਕੋਸ਼ਕਾਰੀ ਨਿਯਮਾਂ ਮੁਤਾਬਕ ਮੁੱਖ ਤੌਰ ’ਤੇ 99 ਫ਼ੀਸਦੀ ਐਕੁਰੇਸੀ ਜ਼ਰੂਰੀ ਹੈ। ਇਸ ਲਿਹਾਜ਼ ਨਾਲ ਅਧਿਕਾਰੀਆਂ ਦਾ ਤਰਕ ਹੈ ਕਿ ਇਸ ਕੋਸ਼ ’ਚ 99 ਫ਼ੀਸਦੀ ਤੋਂ ਵੀ ਵੱਧ ਐਕੁਰੇਸੀ ਹੈ। ਉੱਧਰ, ਜਿੱਥੇ ਆਨਲਾਈਨ ਵਰਜ਼ਨ ’ਚ ਇਹ ਗ਼ਲਤੀਆਂ ਸੋਧੀਆਂ ਜਾ ਰਹੀਆਂ ਹਨ, ਉਥੇ ਹੀ ਮਹਾਨ ਕੋਸ਼ ਦੀਆਂ ਛਪ ਚੁੱੱਕੀਆਂ ਕਾਪੀਆਂ ਦੇ ਪਿੱਛੇ ਜੋੜਨ ਲਈ ਅੰਕਿਤਾ ਤਿਆਰ ਕੀਤੀ ਜਾ ਰਹੀ ਹੈ। ਇਸ ’ਚ ਗ਼ਲਤੀ ਵਾਲ਼ੇ ਸਫ਼ੇ ਅਤੇ ਲਾਈਨ ਆਦਿ ਸਬੰਧੀ ਸਥਿਤੀ ਸਪਸ਼ਟ ਕਰ ਦਿੱਤੀ ਜਾਵੇਗੀ।