ਮਸਕਟ ’ਚ ਬੰਦੀ ਬਣਾਈ ਲੜਕੀ ਭਾਰਤ ਪੁੱਜੀ
ਜਸਬੀਰ ਸਿੰਘ ਚਾਨਾ
ਕਪੂਰਥਲਾ, 14 ਜੂਨ
ਮਸਕਟ (ਓਮਾਨ) ’ਚ ਨੌਕਰੀ ਤੇ ਚੰਗੇ ਭਵਿੱਖ ਦਾ ਸੁਫ਼ਨਾ ਲੈ ਕੇ ਗਈ ਲੁਧਿਆਣਾ ਜ਼ਿਲ੍ਹੇ ਦੀ ਲੜਕੀ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ। ਲੜਕੀ ਨੇ ਦੱਸਿਆ ਕਿ ਉਸ ਦੇ ਵਿਦੇਸ਼ ਜਾਣ ਦੇ ਸੁਫਨੇ ਨੇ ਉਸ ਨੂੰ ਨਰਕ ਭਰੀ ਜ਼ਿੰਦਗੀ ’ਚ ਧੱਕ ਦਿੱਤਾ ਸੀ ਜਿੱਥੋਂ ਉਸ ਲਈ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਹ ਘਰ ਦੀ ਮਜਬੂਰੀ ਕਾਰਨ ਅਪਰੈਲ ਦੌਰਾਨ ਕਲੀਨੀਕਲ ਕੰਮ ਦੇ ਦੋ ਸਾਲ ਦੇ ਵੀਜ਼ੇ ’ਤੇ ਮਸਕਟ ਗਈ ਸੀ। ਉਸ ਨੂੰ 30 ਤੋਂ 40 ਹਜ਼ਾਰ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਪੀੜਤ ਲੜਕੀ ਨੇ ਦੱਸਿਆ ਕਿ ਉੱਥੇ ਪਹੁੰਚਦਿਆਂ ਹੀ ਉਸ ਦਾ ਪਾਸਪੋਰਟ ਖੋਹ ਲਿਆ ਗਿਆ ਅਤੇ ਉਸ ਨੂੰ ਕਲੀਨਿਕ ’ਚ ਕੰਮ ਦੇਣ ਦੀ ਥਾਂ ਗ਼ੈਰਕਾਨੂੰਨੀ ਤਰੀਕੇ ਨਾਲ ਉਸ ਦੀ ਮਰਜ਼ੀ ਖ਼ਿਲਾਫ਼ ਹੋਰ ਕੰਮਾਂ ਲਈ ਮਜਬੂਰ ਕੀਤਾ ਗਿਆ। ਵਿਰੋਧ ਕਰਨ ’ਤੇ ਉਸ ਨੂੰ ਵੇਚਣ ਜਾਂ ਫ਼ਿਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਉੱਥੇ ਉਸ ਕੋਲੋਂ ਦਿਨ-ਰਾਤ ਲਗਾਤਾਰ ਕੰਮ ਲਿਆ ਜਾਂਦਾ ਸੀ। ਉਸ ਨੂੰ ਖਾਣ ਨੂੰ ਵੀ ਨਾਮਾਤਰ ਹੀ ਮਿਲਦਾ ਸੀ। ਉਸ ਨੂੰ ਤਨਖਾਹ ਤਾਂ ਕੀ ਦੇਣੀ ਸੀ, ਸਗੋਂ ਜਿਹੜੇ ਪੈਸੇ ਲੈ ਕੇ ਗਈ ਸੀ, ਉਹ ਵੀ ਖੋਹ ਲਏ ਗਏ। ਇਹ ਸਾਰਾ ਮਾਮਲਾ ਜਦੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਯਤਨਾਂ ਸਦਕਾ, ਲੜਕੀ ਨੂੰ ਓਮਾਨ ਤੋਂ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਉਣ ਵਿੱਚ ਸਫ਼ਲਤਾ ਮਿਲੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।