ਮਲੋਆ ਵਿੱਚ ਨਿੱਜੀ ਜ਼ਮੀਨ ’ਤੇ ਉਸਾਰੀਆਂ ਦੁਕਾਨਾਂ ਢਾਹੀਆਂ
ਪੱਤਰ ਪ੍ਰੇਰਕ
ਚੰਡੀਗੜ੍ਹ, 3 ਜੂਨ
ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਇੱਥੇ ਪਿੰਡ ਮਲੋਆ ਵਿੱਚ ਲੋਕਾਂ ਵੱਲੋਂ ਆਪਣੀ ਪ੍ਰਾਈਵੇਟ ਜ਼ਮੀਨ ਉੱਤੇ ਬਣਾਈਆਂ ਨਾਜਾਇਜ਼ ਦੁਕਾਨਾਂ ਢਾਹ ਦਿੱਤੀਆਂ। ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਕੀਤੀ ਗਈ ਇਸ ਕਾਰਵਾਈ ਦੌਰਾਨ ਬੱਸ ਸਟੈਂਡ ਦੇ ਆਲੇ-ਦੁਆਲੇ ਤਿੰਨ ਦਰਜਨ ਦੇ ਕਰੀਬ ਅਸਥਾਈ ਦੁਕਾਨਾਂ ਨੂੰ ਢਾਹ ਦਿੱਤਾ ਗਿਆ।
ਦੁਕਾਨਾਂ ਢਾਹੁਣ ਦੀ ਸੂਚਨਾ ਮਿਲਦਿਆਂ ਹੀ ਇਲਾਕਾ ਕੌਂਸਲਰ ਨਿਰਮਲਾ ਦੇਵੀ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਲੋਕ ਆਪਣੀ ਜ਼ਮੀਨ ’ਤੇ ਛੋਟੇ-ਛੋਟੇ ਟੀਨ ਦੇ ਖੋਖੇ ਬਣਾ ਕੇ ਕਾਰੋਬਾਰ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਸਨ, ਪਰ ਪ੍ਰਸ਼ਾਸਨ ਨੇ ਅੱਜ ਉਨ੍ਹਾਂ ਦੇ ਰੁਜ਼ਗਾਰ ਤਬਾਹ ਕਰ ਦਿੱਤੇ ਹਨ।
ਉਨ੍ਹਾਂ ਨੂੰ ਆਪਣਾ ਸਾਮਾਨ ਵੀ ਬਾਹਰ ਕੱਢਣ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਦਿਲਾਵਰ ਸਿੰਘ ਨੇ ਕਿਹਾ ਕਿ ਇਹ ਲੋਕ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀਆਂ ਜ਼ਮੀਨਾਂ ਉੱਤੇ ਹੀ ਕੰਮ ਕਰਦੇ ਆ ਰਹੇ ਸਨ ਜਦੋਂਕਿ ਪ੍ਰਸ਼ਾਸਨ ਦੀ ਜ਼ਮੀਨ ਉੱਤੇ ਕੋਈ ਕਬਜ਼ਾ ਨਹੀਂ ਸੀ ਕੀਤਾ ਹੋਇਆ। ਇਹ ਲੋਕ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਰਹੇ ਹਨ ਕਿ ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰ ਲਈ ਜਾਵੇ ਕਿਉਂਕਿ ਪ੍ਰਸ਼ਾਸਨ ਉਨ੍ਹਾਂ ਨੂੰ ਇੱਥੇ ਪਸ਼ੂ ਰੱਖਣ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ, ਪਰ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਉਨ੍ਹਾਂ ਨੇ ਯੂਟੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿੰਡ ਮਲੋਆ ਦੇ ਵਸਨੀਕ ਇਨ੍ਹਾਂ ਲੋਕਾਂ ਦੀ ਰੋਜ਼ੀ-ਰੋਟੀ ਖ਼ਰਾਬ ਕਰਨ ਦੀ ਬਜਾਇ ਕੋਈ ਹੋਰ ਬਦਲਵਾਂ ਹੱਲ ਲੱਭਿਆ ਜਾਵੇ।