ਮਲਕਪੁਰ-ਜਿਉਲੀ ਲਿੰਕ ਸੜਕ ਦੀ ਹਾਲਤ ਖਸਤਾ
ਸਰਬਜੀਤ ਸਿੰਘ ਭੱਟੀ
ਲਾਲੜੂ, 2 ਜੂਨ
ਮਲਕਪੁਰ-ਜਿਉਲੀ ਲਿੰਕ ਸੜਕ ਦੀ ਹਾਲਤ ਤਰਸਯੋਗ ਤੇ ਖ਼ਸਤਾ ਹੋਣ ਕਾਰਨ ਇਲਾਕਾ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਹਾਦਸਿਆਂ ਦਾ ਹਰ ਸਮੇਂ ਖ਼ਤਰਾ ਬਣਿਆ ਰਹਿੰਦਾ ਹੈ, ਇਸ ਸੜਕ ’ਤੇ ਕਈ ਵਾਰ ਵੱਡੇ ਹਾਦਸੇ ਵਾਪਰ ਚੁੱਕੇ ਹਨ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਮਲਕਪੁਰ-ਜਿਉਲੀ ਸੜਕ ਇਸ ਸਮੇਂ ਕੱਚਾ ਰਸਤਾ ਬਣੀ ਹੋਈ ਹੈ ਜਦਕਿ ਇਹ ਸੜਕ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਲਾਲੜੂ ਅਤੇ ਡੇਰਾਬਸੀ ਨਾਲ ਜੋੜਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਦਰਜਨਾ ਇੱਟਾਂ ਦੇ ਭੱਠੇ ਅਤੇ ਫੈਕਟਰੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਬਾਰਿਸ਼ ਦੇ ਦਿਨਾਂ ਵਿੱਚ ਸੜਕ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸੜਕ ਰਾਹੀਂ ਦਿਨ ਰਾਤ ਮਿੱਟੀ ਢੋਣ ਵਾਲੇ ਓਵਰਲੋਡ ਟਿੱਪਰ ਚਲਦੇ ਹਨ ਜਿਨ੍ਹਾਂ ਕਾਰਨ ਵੀ ਸੜਕ ਦੀ ਹਾਲਤ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ। ਇਸ ਦੌਰਾਨ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾ ਮਾਈ ਭਾਗੋ ਵੈਲਫੇਅਰ ਸੁਸਾਇਟੀ, ਜੰਡਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਲਿੰਕ ਸੜਕ ਦਾ ਤੁਰੰਤ ਨੋਟਿਸ ਲੈ ਕੇ ਇਸ ਦੀ ਮੁਰੰਮਤ ਕਰਵਾਈ ਜਾਵੇ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮਲਕਪੁਰ-ਜਿਉਲੀ ਲਿੰਕ ਸੜਕ ਸਮੇਤ ਹਲਕੇ ਦੀਆਂ ਹੋਰ ਸੜਕਾਂ ਦੀ ਮੁਰੰਮਤ ਦਾ ਕੰਮ ਛੇਤੀ ਸ਼ੁਰੂ ਹੋ ਜਾਵੇਗਾ।