ਮਰਚੇਹੜੀ ਵਿੱਚ ਸਰਸਵਤੀ ਸਰੋਵਰ ਦੀ ਉਸਾਰੀ ਸ਼ੁਰੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਫਰਵਰੀ
ਸਰਸਵਤੀ ਧਰੋਹਰ ਵਿਕਾਸ ਬੋਰਡ ਦੀ ਟੀਮ ਨੇ ਪਿੰਡ ਮਰਚੇਹੜੀ ਦਾ ਦੌਰਾ ਕਰਕੇ ਪਿੰਡ ਵਿੱਚ ਸਰਸਵਤੀ ਸਰੋਵਤ ਦੀ ਪੁਟਾਈ ਕਰਵਾਈ ਅਤੇ ਰੇਤ ਦੇ ਨਮੂਨੇ ਜਾਂਚ ਲਈ ਲੈਬਾਰਟਰੀ ਭੇਜੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਘੁੰਮਣ ਸਿੰਘ ਕਿਰਮਚ ਨੇ ਪਿੰਡ ਮਰਚੇਹੜੀ ਵਿਚ ਸਰਸਵਤੀ ਸਰੋਵਰ ਦੇ ਨਿਰਮਾਣ ਕਾਰਜ ਦੇ ਸ਼ੁੱਭ ਆਰੰਭ ‘ਤੇ ਕਰਵਾਏ ਸਮਾਗਮ ਵਿਚ ਬੋਲਦੇ ਹੋਏ ਕਿਹਾ ਕਿ ਪੁਟਾਈ ਦੌਰਾਨ ਮਿਲੇ ਤਿੰਨ ਰੰਗਾਂ ਦੇ ਰੇਤ ਨੂੰ ਦੇਖਿਆ ਤਾਂ ਉਹ ਹੈਰਾਨ ਹੀ ਰਹਿ ਗਏ। ਉਨ੍ਹਾਂ ਨੇ ਤੁਰੰਤ ਇਸ ਰੇਤ ਦੇ ਨਮੂਨੇ ਲੈਣ ਲਈ ਬੋਰਡ ਦੇ ਐੱਸਡੀਓ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ। ਇਸ ਤਕਨੀਕੀ ਟੀਮ ਨੇ ਰੇਤ ਦੇ ਨਮੂਨੇ ਲਏ ਤੇ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ। ਇਸ ਕਾਰਵਾਈ ਤੋਂ ਬਾਅਦ ਕਿਰਮਚ ਨੇ ਪਿੰਡ ਮਰਚੇਹੜੀ ਵਿਚ ਵਿਧੀ ਪੂਰਵਕ ਸਰਸਵਤੀ ਸਰੋਵਰ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਤਿੰਨ ਰੰਗਾਂ ਦੀ ਰੇਤ ਮਿਲਣਾ ਸ਼ੁੱਭ ਸੰਕੇਤ ਹੈ ਕਿ ਇਹ ਰੇਤ ਸੰਭਾਵਿਤ ਸਰਸਵਤੀ ਨਦੀ ਦੇ ਸਮੇਂ ਦੀ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਰੇਤ ਬਦਰੀ ਉਦਗਮ ਸਥਲ, ਮੁਗਲਵਾਲੀ ਅਤੇ ਬਿਹੋਲੀ ਤੋਂ ਵੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਮਰਚੇਹੜੀ ਤੇ ਰਾਮ ਪੁਰ ਦੇ ਨੇੜੇ ਬਣਨ ਵਾਲੇ ਸਰਸਵਤੀ ਸਰੋਵਰ ਤੋਂ 3 ਕਰੋੜ ਲਿਟਰ ਪਾਣੀ ਦਾ ਰਿਚਾਰਜ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਸਰੋਵਰ ਪੰਚਾਇਤ ਦੀ ਖਾਲੀ ਪਈ 5 ਏਕੜ ਜ਼ਮੀਨ ‘ਤੇ ਬਣਾਇਆ ਜਾ ਰਿਹਾ ਹੈ। ਇਸ ਥਾਂ ‘ਤੇ ਇਕ ਘਾਟ ਦਾ ਨਿਰਮਾਣ ਵੀ ਕੀਤਾ ਜਾਵੇਗਾ।