ਮਨੀ ਲਾਂਡਰਿੰਗ: ਈਡੀ ਵੱਲੋਂ ਪੰਜਾਬ ਸਣੇ ਛੇ ਸੂਬਿਆਂ ’ਚ ਛਾਪੇ
ਨਵੀਂ ਦਿੱਲੀ, 17 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਛੇ ਸੂਬਿਆਂ ਵਿੱਚ ਇੱਕੋ ਵੇਲੇ ਛਾਪੇ ਮਾਰੇ। ਇਹ ਕਾਰਵਾਈ ਨਸ਼ਾ ਤਸਕਰੀ ਸਿੰਡੀਕੇਟ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਸੀ, ਜਿਸ ਦਾ ਪਤਾ ਪਹਿਲੀ ਵਾਰ ਪੰਜਾਬ ਪੁਲੀਸ ਨੇ ਲਾਇਆ ਸੀ। ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਦਰਜ ਕੀਤੇ ਗਏ ਕੇਸ ਤਹਿਤ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ 15 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਗਏ। ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ 2024 ਵਿੱਚ ਦੋ ਨਸ਼ਾ ਤਸਕਰਾਂ ਅਤੇ ਕਥਿਤ ਵਿਚੋਲੇ ਐਲੈਕਸ ਪਾਲੀਵਾਲ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਸੂਤਰਾਂ ਅਨੁਸਾਰ ਏਜੰਸੀ ਨੇ ਇਸ ਮਾਮਲੇ ਨਾਲ ਜੁੜੇ ਕੁੱਝ ਵਿਅਕਤੀਆਂ ਦੇ ਟਿਕਾਣਿਆਂ ਦੇ ਨਾਲ-ਨਾਲ ਬਾਇਓਜੈਨੇਟਿਕ ਡਰੱਗਜ਼ ਪ੍ਰਾਈਵੇਟ ਲਿਮਟਿਡ, ਸੀਬੀ ਹੈਲਥਕੇਅਰ, ਸਮਾਈਲੈਕਸ ਫਾਰਮਾਕੈਮ ਡਰੱਗ ਇੰਡਸਟਰੀਜ਼, ਸੋਲ ਹੈਲਥ ਕੇਅਰ (ਆਈ) ਪ੍ਰਾਈਵੇਟ ਲਿਮਟਿਡ ਅਤੇ ਐਸਟਰ ਫਾਰਮਾ ਨਾਮ ਦੀਆਂ ਕੁਝ ਫਾਰਮਾਸਿਊਟੀਕਲ ਕੰਪਨੀਆਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ। ਪੰਜਾਬ ਪੁਲੀਸ ਵੱਲੋਂ ਇਸ ਸਬੰਧੀ ਪਿਛਲੇ ਸਾਲ ਵਿੱਢੀ ਗਈ ਮੁਹਿੰਮ ਦੌਰਾਨ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥ ਬਣਾਉਣ ਵਾਲੀਆਂ ਦਵਾਈਆਂ ਦਾ ਜ਼ਖੀਰਾ ਜ਼ਬਤ ਕੀਤਾ ਗਿਆ ਸੀ। -ਪੀਟੀਆਈ