ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ: ਰਾਹਤ ਤੇ ਮੁੜ ਵਸੇਬੇ ਲਈ ਤਿੰਨ ਸਾਬਕਾ ਜੱਜਾਂ ਦੀ ਕਮੇਟੀ ਕਾਇਮ

07:31 AM Aug 08, 2023 IST

* ਹਿੰਸਾਗ੍ਰਸਤ ਉੱਤਰ-ਪੂਰਬੀ ਸੂਬੇ ’ਚ ਭਰੋਸਾ ਬਹਾਲੀ ਦੀਆਂ ਕੋਸ਼ਿਸ਼ਾਂ

* ਸੁਪਰੀਮ ਕੋਰਟ ਮਨੀਪੁਰ ਦੇ ਹਾਲਾਤ ’ਤੇ ਖੁਦ ਰਖੇਗਾ ਨਜ਼ਰ

* ਸੀਬੀਆਈ ਹਵਾਲੇ ਕੀਤੀਆਂ 11 ਐੱਫਆਈਆਰਜ਼

* ਹੋਰ ਕੇਸਾਂ ਦੀ ਜਾਂਚ ਲਈ 42 ਵਿਸ਼ੇਸ਼ ਜਾਂਚ ਟੀਮਾਂ ਗਠਿਤ

* ਮੁੱਖ ਸਕੱਤਰ ਤੇ ਡੀਜੀਪੀ ਨੇ ਸੂਬੇ ਦੇ ਹਾਲਾਤ ਦੀ ਰਿਪੋਰਟ ਸੌਂਪੀ

ਨਵੀਂ ਦਿੱਲੀ, 7 ਅਗਸਤ
ਸੁਪਰੀਮ ਕੋਰਟ ਨੇ ਮਨੀਪੁਰ ਹਿੰਸਾ ਦੇ ਪੀੜਤਾਂ ਲਈ ਰਾਹਤ ਤੇ ਮੁੜ ਵਸੇਬਾ ਅਤੇ ਮੁਆਵਜ਼ੇ ਦੀ ਦੇਖ-ਰੇਖ ਵਾਸਤੇ ਹਾਈ ਕੋਰਟ ਦੀਆਂ ਤਿੰਨ ਸਾਬਕਾ ਮਹਿਲਾ ਜੱਜਾਂ ਦੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਸਿਖਰਲੀ ਅਦਾਲਤ ਨੇ ਮਹਾਰਾਸ਼ਟਰ ਪੁਲੀਸ ਦੇ ਸਾਬਕਾ ਮੁਖੀ ਦੱਤਾਤ੍ਰੇਯ ਪਡਸਾਲਗੀਕਰ ਨੂੰ ਅਪਰਾਧਿਕ ਕੇਸਾਂ ਦੀ ਜਾਂਚ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਹਿੰਸਾਗ੍ਰਸਤ ਸੂਬੇ ’ਚ ਕਾਨੂੰਨ ਦੇ ਸ਼ਾਸਨ ’ਚ ਲੋਕਾਂ ਦਾ ਭਰੋਸਾ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਸੁਪਰੀਮ ਕੋਰਟ ਨੇ ਖੁਦ ਹੀ ਉਥੋਂ ਦੇ ਹਾਲਾਤ ਦੀ ਨਿਗਰਾਨੀ ਕਰਨ ਦਾ ਫ਼ੈਸਲਾ ਲਿਆ ਹੈ। ਬੈਂਚ ਨੇ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਸਿੱਧੇ ਉਨ੍ਹਾਂ ਨੂੰ ਰਿਪੋਰਟ ਸੌਂਪੇਗੀ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਕਮੇਟੀ ਦੀ ਅਗਵਾਈ ਜੰਮੂ ਕਸ਼ਮੀਰ ਹਾਈ ਕੋਰਟ ਦੀ ਸਾਬਕਾ ਜੱਜ ਗੀਤਾ ਮਿੱਤਲ ਕਰਨਗੇ ਅਤੇ ਕਮੇਟੀ ’ਚ ਜਸਟਿਸ (ਸੇਵਾਮੁਕਤ) ਸ਼ਾਲਿਨੀ ਪੀ ਜੋਸ਼ੀ (ਬੰਬੇ ਹਾਈ ਕੋਰਟ ਦੀ ਸਾਬਕਾ ਜੱਜ) ਅਤੇ ਆਸ਼ਾ ਮੈਨਨ (ਦਿੱਲੀ ਹਾਈ ਕੋਰਟ ਦੀ ਸਾਬਕਾ ਜੱਜ) ਸ਼ਾਮਲ ਹੋਣਗੇ। ਸਰਹੱਦੀ ਸੂਬੇ ’ਚ ਅਸ਼ਾਂਤੀ ਅਤੇ ਲੋਕਾਂ ਦੇ ਮਾਰੇ ਜਾਣ ਤੇ ਅੱਗਜ਼ਨੀ ਦੀਆਂ ਰਿਪੋਰਟਾਂ ਦਾ ਖੁਦ ਹੀ ਨੋਟਿਸ ਲੈਂਦਿਆਂ ਬੈਂਚ ਨੇ ਕਿਹਾ ਕਿ ਉਹ ਪੀੜਤਾਂ ਦੇ ਰਾਹਤ ਅਤੇ ਮੁੜ ਵਸੇਬੇ ਦੀ ਨਿਗਰਾਨੀ ਲਈ ਹਾਈ ਕੋਰਟ ਦੇ ਤਿੰਨ ਸਾਬਕਾ ਜੱਜਾਂ ਦੀ ਕਮੇਟੀ ਨਿਯੁਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਰਾਹਤ, ਇਹਤਿਆਤੀ ਕਦਮ, ਮੁੜ ਵਸੇਬੇ, ਮੁਆਵਜ਼ੇ ਸਮੇਤ ਘਰਾਂ ਅਤੇ ਧਾਰਮਿਕ ਅਸਥਾਨ ਮੁੜ ਤੋਂ ਖੋਲ੍ਹਣ ਸਬੰਧੀ ਮੁੱਦਿਆਂ ’ਤੇ ਨਜ਼ਰ ਰਖੇਗੀ। ਬੈਂਚ ਨੇ ਕਿਹਾ ਕਿ ਜੱਜਾਂ ਦੀ ਕਮੇਟੀ ਰਾਹਤ ਕੈਂਪਾਂ ਦਾ ਦੌਰਾ ਕਰਕੇ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਵੇਗੀ। ਕੇਸਾਂ ਦੀ ਜਾਂਚ ਬਾਰੇ ਅਦਾਲਤ ਨੇ ਕਿਹਾ ਕਿ 11 ਐੱਫਆਈਆਰਜ਼ ਸੀਬੀਆਈ ਹਵਾਲੇ ਹੋਣਗੀਆਂ। ਬੈਂਚ ਨੇ ਕਿਹਾ ਕਿ ਉਹ ਸੀਬੀਆਈ ਨੂੰ ਕੇਸਾਂ ਦਾ ਪੂਰਾ ਅਖ਼ਤਿਆਰ ਦੇਣ ਵਾਲੇ ਨਹੀਂ ਹਨ ਕਿਉਂਕਿ ਸੂਬੇ ਦੀ ਜਾਂਚ ਏਜੰਸੀ ਵੀ ਆਪਣੀ ਪੜਤਾਲ ਜਾਰੀ ਰਖੇਗੀ। ਸਿਖਰਲੀ ਅਦਾਲਤ ਨੇ ਕਿਹਾ ਕਿ ਭਰੋਸਾ ਕਾਇਮ ਕਰਨ ਲਈ ਉਹ ਨਿਰਦੇਸ਼ ਦਿੰਦੇ ਹਨ ਕਿ ਜਾਂਚ ਦੀ ਨਿਗਰਾਨੀ ਲਈ ਵੱਖ ਵੱਖ ਸੂਬਿਆਂ ਤੋਂ ਡੀਐੱਸਪੀ ਰੈਂਕ ਦੇ ਘੱਟੋ ਘੱਟ ਪੰਜ ਅਧਿਕਾਰੀ ਸੀਬੀਆਈ ’ਚ ਡੈਪੂਟੇਸ਼ਨ ’ਤੇ ਲਿਆਂਦੇ ਜਾਣ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਸੀਬੀਆਈ ਤਹਿਤ ਕੰਮ ਕਰਨਗੇ ਅਤੇ ਸੰਯੁਕਤ ਡਾਇਰੈਕਟਰ ਰੈਂਕ ਦੇ ਅਧਿਕਾਰੀ ਵੱਲੋਂ ਉਨ੍ਹਾਂ ਦੇ ਕੰਮ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਬੈਂਚ ਨੇ ਕਿਹਾ,‘‘ਅਸੀਂ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਦੱਤਾਤ੍ਰੇਯ ਪਡਸਾਲਗੀਕਰ ਦੀ ਨਿਯੁਕਤੀ ਕਰ ਰਹੇ ਹਾਂ ਜੋ ਮੁਕੰਮਲ ਜਾਂਚ ’ਤੇ ਨਜ਼ਰ ਰਖਦਿਆਂ ਸਾਨੂੰ ਸਾਰੀ ਜਾਣਕਾਰੀ ਦਿੰਦੇ ਰਹਿਣਗੇ।’’ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪੇਸ਼ ਅਟਾਰਨੀ ਜਨਰਲ ਆਰ ਵੈਂਕਟਰਮਨੀ ਤੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਪੇਸ਼ ਰਿਪੋਰਟ ਮੁਤਾਬਕ ਮਨੀਪੁਰ ਦੀਆਂ ਕਰੀਬ 42 ਵਿਸ਼ੇਸ਼ ਜਾਂਚ ਟੀਮਾਂ ਉਨ੍ਹਾਂ ਕੇਸਾਂ ਦੀ ਪੜਤਾਲ ਕਰਨਗੀਆਂ ਜੋ ਸੀਬੀਆਈ ਹਵਾਲੇ ਨਹੀਂ ਕੀਤੇ ਗਏ ਹਨ। ਬੈਂਚ ਨੇ ਕਿਹਾ ਕਿ ਹਰੇਕ ਵਿਸ਼ੇਸ਼ ਜਾਂਚ ਟੀਮਾਂ ਲਈ ਘੱਟੋ ਘੱਟ ਇਕ ਇੰਸਪੈਕਟਰ ਦੂਜੇ ਸੂਬੇ ਤੋਂ ਮਨੀਪੁਰ ਪੁਲੀਸ ’ਚ ਡੈਪੂਟੇਸ਼ਨ ’ਤੇ ਤਾਇਨਾਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 42 ਸਿਟ ਦੀ ਨਿਗਰਾਨੀ ਡੀਆਈਜੀ ਰੈਂਕ ਦੇ ਛੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਜੋ ਮਨੀਪੁਰ ਤੋਂ ਬਾਹਰਲੇ ਸੂਬਿਆਂ ਦੇ ਹੋਣਗੇ। ਕੇਸ ਦੀ ਸੁਣਵਾਈ ਦੌਰਾਨ ਮਨੀਪੁਰ ਦੇ ਮੁੱਖ ਸਕੱਤਰ ਵਿਨੀਤ ਜੋਸ਼ੀ ਅਤੇ ਡੀਜੀਪੀ ਰਾਜੀਵ ਸਿੰਘ ਬੈਂਚ ਅੱਗੇ ਪੇਸ਼ ਹੋਏ ਅਤੇ ਉਨ੍ਹਾਂ ਸੂਬੇ ’ਚ ਨਸਲੀ ਹਿੰਸਾ ਅਤੇ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਅਟਾਰਨੀ ਜਨਰਲ ਨੇ ਬੈਂਚ ਨੂੰ ਦੱਸਿਆ ਕਿ ਸਰਕਾਰ ਹਾਲਾਤ ਨੂੰ ਪੂਰੀ ਤਨਦੇਹੀ ਨਾਲ ਨਜਿੱਠ ਰਹੀ ਹੈ। ਸਰਕਾਰ ਦੇ ਕਾਨੂੰਨ ਅਧਿਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੰਵੇਦਨਸ਼ੀਲ ਕੇਸਾਂ ਦੀ ਜਾਂਚ ਲਈ ਜ਼ਿਲ੍ਹਾ ਪੱਧਰ ’ਤੇ ਐੱਸਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮਾਂ ਬਣਾਏ ਜਾਣ ਦੀ ਤਜਵੀਜ਼ ਰੱਖੀ ਹੈ। ਸੀਬੀਆਈ ਨੂੰ 11 ਕੇਸਾਂ ਦੀ ਜਾਂਚ ਲਈ ਆਖਿਆ ਗਿਆ ਹੈ। ਸਿਖਰਲੀ ਅਦਾਲਤ ਨੇ ਪਹਿਲੀ ਅਗਸਤ ਨੂੰ ਕਿਹਾ ਸੀ ਕਿ ਮਨੀਪੁਰ ’ਚ ਅਮਨ-ਕਾਨੂੰਨ ਅਤੇ ਸੰਵਿਧਾਨਕ ਮਸ਼ੀਨਰੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈ ਹੈ। ਨਸਲੀ ਹਿੰਸਾ ਦੀਆਂ ਘਟਨਾਵਾਂ ਦੀ ਢਿੱਲੀ ਜਾਂਚ ਲਈ ਸੂਬਾ ਪੁਲੀਸ ਦੀ ਲਾਹ-ਪਾਹ ਕਰਦਿਆਂ ਸੁਪਰੀਮ ਕੋਰਟ ਨੇ ਡੀਜੀਪੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਤਲਬ ਕੀਤਾ ਸੀ। -ਪੀਟੀਆਈ

Advertisement

ਬੈਂਚ ਨੂੰ ਸੀਨੀਅਰ ਵਕੀਲਾਂ ਨੇ ਦਿੱਤੇ ਸੁਝਾਅ

ਬੈਂਚ ਨੂੰ ਸੀਨੀਅਰ ਵਕੀਲਾਂ ਇੰਦਰਾ ਜੈਸਿੰਘ, ਸੰਜੈ ਹੇਗੜੇ, ਸੀ ਯੂ ਸਿੰਘ, ਗੋਪਾਲ ਸ਼ੰਕਰਨਾਰਾਇਣਨ, ਪ੍ਰਸ਼ਾਂਤ ਭੂਸ਼ਨ, ਵਰਿੰਦਾ ਗਰੋਵਰ, ਨਿਜ਼ਾਮ ਪਾਸ਼ਾ, ਵਿਸ਼ਾਲ ਤਿਵਾੜੀ ਸਮੇਤ ਕਈ ਹੋਰਾਂ ਨੇ ਨਸਲੀ ਹਿੰਸਾ ਦੇ ਕੇਸਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮਾਂ ਕਾਇਮ ਕਰਨ ਲਈ ਬੈਂਚ ਨੂੰ ਸੁਝਾਅ ਦਿੱਤੇ। ਬੈਂਚ ਵੱਲੋਂ ਮਨੀਪੁਰ ’ਚ ਹਿੰਸਾ ਨਾਲ ਸਬੰਧਤ ਕਰੀਬ 10 ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ’ਚ ਅਦਾਲਤ ਦੀ ਨਿਗਰਾਨੀ ਹੇਠ ਕੇਸਾਂ ਦੀ ਜਾਂਚ ਕਰਨ ਸਮੇਤ ਰਾਹਤ ਅਤੇ ਮੁੜ ਵਸੇਬੇ ਜਿਹੇ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ।

ਆਦਿਵਾਸੀ ਔਰਤਾਂ ਦੀ ਜਥੇਬੰਦੀ ਨੇ ਸੌਲੀਸਿਟਰ ਜਨਰਲ ਨੂੰ ਬਿਆਨ ਵਾਪਸ ਲੈਣ ਲਈ ਕਿਹਾ

ਨਵੀਂ ਦਿੱਲੀ: ਦਿੱਲੀ-ਐੱਨਸੀਆਰ ਆਧਾਰਿਤ ਕੁਕੀ-ਹਮਾਰ-ਜ਼ੋਮੀ ਭਾਈਚਾਰੇ ਨਾਲ ਸਬੰਧਤ ਮਨੀਪੁਰ ਦੀਆਂ ਆਦਿਵਾਸੀ ਔਰਤਾਂ ਦੀ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਸੁਪਰੀਮ ਕੋਰਟ ’ਚ ਕੀਤੀ ਗਈ ਟਿੱਪਣੀ ਵਾਪਸ ਲਈ ਜਾਵੇ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੌਲੀਸਿਟਰ ਜਨਰਲ ਨੇ ਸੁਪਰੀਮ ਕੋਰਟ ’ਚ ਕਿਹਾ ਸੀ ਕਿ ਮਨੀਪੁਰ ’ਚ ਜਾਤੀਗਤ ਹਿੰਸਾ ਦੌਰਾਨ ਮਿਲੀਆਂ ਅਣਪਛਾਤੀਆਂ ਲਾਸ਼ਾਂ ‘ਘੁਸਪੈਠੀਆਂ’ ਦੀਆਂ ਹਨ। ਯੂਐੱਨਏਯੂ ਟ੍ਰਾਈਬਲ ਵਿਮੈੱਨਜ਼ ਫੋਰਮ ਨੇ ਕਿਹਾ ਕਿ ਸੌਲੀਸਿਟਰ ਜਨਰਲ ਵੱਲੋਂ ਪਹਿਲੀ ਅਗਸਤ ਨੂੰ ਸੁਪਰੀਮ ਕੋਰਟ ’ਚ ਕੇਸ ਦੀ ਸੁਣਵਾਈ ਦੌਰਾਨ ਕੀਤੀ ਗਈ ਟਿੱਪਣੀ ਨਾਲ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਅਜੇ ਤੱਕ ਲਾਸ਼ਾਂ ਦਾ ਸਸਕਾਰ ਨਹੀਂ ਕਰ ਸਕੇ ਹਨ ਅਤੇ ਅਜਿਹੀਆਂ ਟਿੱਪਣੀਆਂ ਸਵੀਕਾਰਨਯੋਗ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਕੇਸਾਂ ’ਚ ਲਾਸ਼ਾਂ ਇੰਫਾਲ ’ਚ ਪਈਆਂ ਹਨ ਅਤੇ ਪਰਿਵਾਰ ਮਾੜੇ ਸੁਰੱਖਿਆ ਹਾਲਾਤ ਹੋਣ ਕਾਰਨ ਉਨ੍ਹਾਂ ਦੀਆਂ ਦੇਹਾਂ ਲੈਣ ਤੋਂ ਅਸਮਰੱਥ ਹਨ। ਲਾਸ਼ਾਂ ਚੂਰਾਚਾਂਦਪੁਰ ਲਿਆਉਣ ਦੀ ਮੰਗ ਕਰਦਿਆਂ ਜਥੇਬੰਦੀ ਨੇ ਕਿਹਾ ਕਿ ਭਾਰਤ ਦੇ ਕਿਸੇ ਨਾਗਰਿਕ ਨੂੰ ਬਿਨਾਂ ਸਬੂਤ ਦੇ ਘੁਸਪੈਠੀਆ ਜਾਂ ਗ਼ੈਰਕਾਨੂੰਨੀ ਪਰਵਾਸੀ ਸੱਦਿਆ ਜਾਣਾ ਗੰਭੀਰ ਮਾਮਲਾ ਹੈ ਅਤੇ ਇਹ ਅਦਾਲਤ ਨੂੰ ਗੁੰਮਰਾਹ ਕਰਨ ਦੇ ਤੁੱਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਦੂਜੇ ਸਭ ਤੋਂ ਉੱਚੇ ਕਾਨੂੰਨ ਅਧਿਕਾਰੀ ਦੇ ਅਹੁਦੇ ’ਤੇ ਤਾਇਨਾਤ ਵਿਅਕਤੀ ਵੱਲੋਂ ਇਹ ਟਿੱਪਣੀ ਕਰਨਾ ਠੀਕ ਨਹੀਂ ਹੈ। -ਪੀਟੀਆਈ

Advertisement

Advertisement