ਮਦਦ ਦੇ ਬਹਾਨੇ ਠੱਗਾਂ ਨੇ ਏਟੀਐੱਮ ਕਾਰਡ ਬਦਲਿਆ
ਪੱਤਰ ਪ੍ਰੇਰਕ
ਪਠਾਨਕੋਟ, 3 ਜੂਨ
ਜ਼ਿਲ੍ਹਾ ਨੰਗਲਭੂਰ ਖੇਤਰ ਵਿੱਚ ਦੋ ਠੱਗਾਂ ਨੇ ਦਿਹਾੜੀਦਾਰ ਵਿਅਕਤੀ ਦਾ ਏਟੀਐੱਮ ਕਾਰਡ ਬਦਲ ਕੇ ਉਸ ਦੇ ਖਾਤੇ ਵਿੱਚੋਂ 95 ਹਜ਼ਾਰ ਰੁਪਏ ਦੀ ਠੱਗੀ ਮਾਰੀ। ਇਸ ਘਟਨਾ ਦਾ ਵਿਅਕਤੀ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦੇ ਮੋਬਾਈਲ ਫੋਨ ਵਿੱਚ ਪੈਸਿਆਂ ਦੀ ਨਿਕਾਸੀ ਹੋਣ ਸਬੰਧੀ ਮੈਸੇਜ ਆਇਆ। ਹਾਲਾਂਕਿ ਉਕਤ ਠੱਗੀ ਕਰਨ ਵਾਲੇ ਦੋਨੋਂ ਨੌਜਵਾਨਾਂ ਦੀ ਫੋਟੋ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਨੰਗਲਭੂਰ ਦੀ ਪੁਲੀਸ ਨੂੰ ਦੇ ਦਿੱਤੀ ਹੈ।
ਪੀੜਤ ਵਿਜੇ ਕੁਮਾਰ ਵਾਸੀ ਪਿੰਡ ਘਿਆਲਾ, ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਉਹ ਦਿਹਾੜੀਦਾਰ ਹੈ ਅਤੇ ਪੈਸਿਆਂ ਦੀ ਜ਼ਰੂਰਤ ਹੋਣ ਦੇ ਚਲਦੇ 31 ਮਈ ਨੂੰ ਨੰਗਲਭੂਰ ਬਾਜ਼ਾਰ ਸਥਿਤ ਐੱਸਬੀਆਈ ਦੇ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਗਿਆ ਸੀ ਤਦ ਏਟੀਐਮ ਵਿੱਚ ਖੜ੍ਹੀ ਇੱਕ ਔਰਤ ਨੂੰ ਉਸ ਨੇ ਕਿਹਾ ਕਿ ਉਸ ਦੇ ਏਟੀਐੱਮ ਨਾਲ ਉਸ ਖਾਤੇ ਵਿੱਚੋਂ ਪੈਸੇ ਕਢਵਾ ਕੇ ਦੇ ਦੇਵੇ। ਕੋਲ ਹੀ ਖੜ੍ਹੇ 2 ਨੌਜਵਾਨਾਂ ਨੇ ਔਰਤ ਨੂੰ ਕਿਹਾ ਕਿ ਉਹ ਅੰਕਲ ਦੀ ਮੱਦਦ ਕਰ ਦਿੰਦੇ ਹਨ ਤੇ ਉਨ੍ਹਾਂ ਔਰਤ ਨੂੰ ਬਾਹਰ ਚਲੀ ਜਾਣ ਲਈ ਕਿਹਾ। ਇੰਨੇ ਵਿੱਚ ਦੋਵੇਂ ਠੱਗਾਂ ਨੇ ਧੋਖੇ ਨਾਲ ਉਸ ਦਾ ਏਟੀਐੱਮ ਕਾਰਡ ਬਦਲ ਦਿੱਤਾ ਅਤੇ 2 ਦਿਨਾਂ ਵਿੱਚ 95 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਕੱਢ ਕੇ ਫਰਾਰ ਹੋ ਗਏ। ਜਦੋਂ ਤੱਕ ਉਹ ਬੈਂਕ ਪੁੱਜਾ ਉਦੋਂ ਤੱਕ ਉਸ ਦਾ ਖਾਤਾ ਖਾਲੀ ਹੋ ਚੁੱਕਾ ਸੀ। ਇਸ ਸਬੰਧੀ ਉਸ ਨੇ ਲੰਗਲਭੂਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਨੰਗਲਭੂਰ ਦੇ ਥਾਣਾ ਮੁਖੀ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਅਤੇ ਸੀਸੀਟੀਵੀ ਫੂਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।