ਮਜੀਠੀਆ ਨੇ ਯੁੱਧ ਨਸ਼ਿਆ ਵਿਰੁੱਧ ਦੀ ਸਫ਼ਲਤਾ ’ਤੇ ਸਵਾਲ ਚੁੱਕੇ
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝਾ ਕਰਦਿਆਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫ਼ਲਤਾ ਦੇ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਚੁੱਕਿਆ ਹੈ। ਵੀਡੀਓ ਵਿੱਚ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਪੈਂਦੇ ਮਕਬੂਲਪੁਰਾ ਖੇਤਰ ਵਿੱਚ ਲਗਪਗ ਚਾਰ ਨੌਜਵਾਨ ਨਸ਼ੇ ਵਿੱਚ ਹਾਲਤ ਵਿਚ ਬੇਸੁੱਧ ਦਿਖਾਈ ਦੇ ਰਹੇ ਹਨ।
ਹੋਲੀ ਸਿਟੀ ਵਿਚ ਇਹ ਖੇਤਰ ਮਕਬੂਲਪੁਰਾ ਨਸ਼ਿਆਂ ਦੀ ਵਿਆਪਕ ਦੁਰਵਰਤੋਂ ਨਾਲ ਪ੍ਰਭਾਵਿਤ ਹੈ। ਸ੍ਰੀ ਮਜੀਠੀਆ ਨੇ ਨਸ਼ਿਆਂ ਵਿਰੁੱਧ ਜੰਗ' ਨੂੰ ਡਰਾਮਾ ਅਤੇ ਪੀਆਰ ਅਭਿਆਸ ਕਰਾਰ ਦਿੰਦਿਆਂ ਕਿਹਾ ਕਿ ਵੀਡੀਓ ਸਰਹੱਦੀ ਰਾਜ ਵਿੱਚ ਅਸਲ ਸਥਿਤੀ ਨੂੰ ਪੇਸ਼ ਕਰਦੀ ਹੈ। ਦੂਜੇ ਪਾਸੇ ਪੁਲੀਸ ਨੇ ਕਿਹਾ ਕਿ ਵੀਡੀਓ ਕਿਸ ਖੇਤਰ ਦੀ ਹੈ, ਇਸ ਦੀ ਸੱਚਾਈ ਦਾ ਪਤਾ ਨਹੀਂ ਲਗਾਇਆ ਜਾ ਸਕਿਆ।
ਦੇਰ ਸ਼ਾਮ ਵੀਡੀਓ ਸੰਦੇਸ਼ ਵਿੱਚ ਸਹਾਇਕ ਪੁਲੀਸ ਕਮਿਸ਼ਨਰ ਕਮਲਜੀਤ ਸਿੰਘ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਇਲਾਕੇ ਦਾ ਦੌਰਾ ਕੀਤਾ ਸੀ ਅਤੇ ਉਥੋਂ ਦੇ ਵਾਸੀਆਂ ਨਾਲ ਗੱਲਬਾਤ ਕੀਤੀ ਸੀ ਪਰ ਕਿਸੇ ਨੇ ਵੀ ਅਜਿਹੀ ਘਟਨਾ ਵਾਪਰਨ ਦੀ ਪੁਸ਼ਟੀ ਨਹੀਂ ਕੀਤੀ। ਮਕਬੂਲਪੁਰਾ ਦੀ ਗਲੀ ਨੰਬਰ 5 ਦੀ ਕਥਿਤ ਵੀਡੀਓ ਵਿੱਚ ਇੱਕ ਵਾਸੀ ਨੇ ਦੋਸ਼ ਲਗਾਇਆ ਕਿ ਇਹ ਇਲਾਕਾ ਨਸ਼ੇੜੀਆਂ ਲਈ ਨਸ਼ਿਆਂ ਦਾ ਸੇਵਨ ਕਰਨ ਲਈ ਪਸੰਦੀਦਾ ਸਥਾਨ ਬਣ ਗਿਆ ਹੈ, ਨਾਲ ਹੀ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਇਸ ਸਮੱਸਿਆ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ੍ਰੀ ਮਜੀਠੀਆ ਨੇ ਇੱਕ ਨੌਜਵਾਨ ਦੀ ਵੀਡੀਓ ਸਾਂਝੀ ਕੀਤੀ ਸੀ ਜਿਸ ਨੇ 'ਯੁੱਧ ਨਸ਼ਿਆ ਵਿਰੁਧ' ਦੇ ਨਾਅਰੇ ਵਾਲੀ ਟੀ-ਸ਼ਰਟ ਪਾਈ ਹੋਈ ਸੀ ਅਤੇ ਉਹ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਸੀ। ਮਗਰੋਂ ਵੀਡੀਓ ਬਠਿੰਡਾ ਜ਼ਿਲ੍ਹੇ ਦੀ ਨਿਕਲੀ ਸੀ।