ਮਜ਼ਦੂਰ ਤੇ ਮਾਂ ਦੀ ਮਹਿਮਾ ਦਾ ਗੁਣਗਾਨ
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਇੱਥੇ ਕੋਸੋ ਹਾਲ ਵਿੱਚ ਮਈ ਮਹੀਨੇ ਦੀ ਇਕੱਤਰਤਾ ਹੋਈ। ਮੀਤ ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਅਤੇ ਮਨਿੰਦਰ ਕੌਰ ਚਾਨੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਮਜ਼ਦੂਰ ਅਤੇ ਮਾਂ-ਦਿਵਸ ਨੂੰ ਸਮਰਪਿਤ ਰਹੀ। ਸਕੱਤਰ ਗੁਰਚਰਨ ਥਿੰਦ ਨੇ ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਲਈ ਕੀਤੀ ਗਈ ਲੰਮੀ ਜੱਦੋਜਹਿਦ ਦੇ ਫਲਸਰੂਪ ਇੱਕ ਮਈ ਨੂੰ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮਨਾਏ ਜਾਣ ਬਾਰੇ ਅਤੇ ਮਾਂ ਵੱਲੋਂ ਆਪਣੇ ਬੱਚੇ, ਪਰਿਵਾਰ ਤੇ ਸਮਾਜ ਪ੍ਰਤੀ ਪਾਏ ਜਾਣ ਵਾਲੇ ਯੋਗਦਾਨ ’ਤੇ ਵਿਚਾਰ ਸਾਂਝੇ ਕੀਤੇ।
ਜਸਵਿੰਦਰ ਸਿੰਘ ਰੁਪਾਲ ਨੇ ਮਜ਼ਦੂਰ ਦਿਵਸ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਬਾਬੇ ਨਾਨਕ ਦੇ ਹੱਥੀਂ ਕ੍ਰਿਤ ਕਰਨ ਦੇ ਸਿਧਾਂਤ ਨਾਲ ਜੋੜ ਕੇ ਅਜੋਕੇ ਸਮੇਂ ਵਿੱਚ ਵੀ ਮਜ਼ਦੂਰ ਦੀ ਕ੍ਰਿਤ ’ਤੇ ਮਲਿਕ ਭਾਗੋਆਂ ਦੇ ਕਬਜ਼ੇ ਦੀ ਗੱਲ ਕੀਤੀ। ਉਨ੍ਹਾਂ ਮਈ ਮਹੀਨੇ ਆਉਣ ਵਾਲੇ ਸਰਹੰਦ ਫਤਿਹ ਦਿਵਸ ਅਤੇ ਪਰਿਵਾਰ ਦਿਵਸ ਦਾ ਵੀ ਜ਼ਿਕਰ ਕੀਤਾ। ਦੀਪਕ ਜੈਤੋਈ ਮੰਚ ਦੇ ਪ੍ਰਧਾਨ ਜੈਤੋ ਨਿਵਾਸੀ ਦਰਸ਼ਨ ਸਿੰਘ ਬਰਾੜ ਨੇ ਨਾਭਾ ਦੇ ਰਾਜੇ ਦੇ ਹੱਕ ਵਿੱਚ ਅੰਗਰੇਜ਼ਾਂ ਵਿਰੁੱਧ ਲਗਾਏ ਗਏ ਜੈਤੋ ਦੇ ਮੋਰਚੇ ਦਾ ਇਤਿਹਾਸਕ ਪਿਛੋਕੜ ਬਿਆਨ ਕੀਤਾ ਅਤੇ ਆਪਣੀ ਰਚਨਾ ਸਾਂਝੀ ਕੀਤੀ। ਸਰਦੂਲ ਸਿੰਘ ਲੱਖਾ ਤੇ ਰਵਿੰਦਰ ਕੌਰ ਨੇ ਲਘੂ ਨਾਟਕ ਪੜ੍ਹ ਕੇ ਸੁਣਾਇਆ। ਮਨਮੋਹਨ ਸਿੰਘ ਬਾਠ ਨੇ ਕਿਹਾ ਕਿ ਮਜ਼ਦੂਰ ਤੇ ਮਾਲਕ ਦਾ ਪਾੜਾ ਨਿੱਤ ਵਧ ਰਿਹਾ ਹੈ। ਉਸ ਨੇ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ‘ਮੈ ਕੰਡਿਆਲੀ ਥੋਹਰ ਵੇ ਸੱਜਣਾਂ’ ਆਪਣੀ ਸੁਰੀਲੀ ਆਵਾਜ਼ ਵਿੱਚ ਸੁਣਾਈ। ਦਰਸ਼ਨ ਸਿੰਘ ਨੇ ਮਾਂ ਦੇ ਰੂਪ ਵਿੱਚ ਔਰਤ ਦੀ ਸਹਿਣਸ਼ੀਲਤਾ ਬਾਰੇ ਗੱਲ ਕੀਤੀ ਅਤੇ ਸੁਪਨੇ ਦੇ ਰੂਪ ਵਿੱਚ ਆਪਣੀ ਮਾਂ ਨੂੰ ਸੰਬੋਧਤ ਰਚਨਾ ਪੇਸ਼ ਕੀਤੀ।
ਸੁਰਿੰਦਰ ਸਿੰਘ ਢਿੱਲੋਂ ਨੇ ਪਿਛਲੀ ਸਦੀ ਵਿੱਚ ਮਜ਼ਦੂਰਾਂ ਦੇ ਸੰਗਠਿਤ ਸੰਗਠਨਾਂ ਦੀ ਭੂਮਿਕਾ ਦੀ ਚਰਚਾ ਕਰਦੇ ਪੰਜਾਬ ਵਿੱਚ ਯੂ.ਪੀ. ਅਤੇ ਬਿਹਾਰ ਤੋਂ ਆਏ ਮਜ਼ਦੂਰਾਂ ਦੇ ਖੇਤੀਬਾੜੀ ਵਿੱਚ ਪਾਏ ਜਾਣ ਵਾਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਫਿਰ ਵੀ ਉਨ੍ਹਾਂ ਨੂੰ ਨਫ਼ਰਤ ਭਰੇ ਲਹਿਜੇ ਨਾਲ ‘ਭਈਆ’ ਆਖ ਬੁਲਾਉਂਦੇ ਹਾਂ ਅਤੇ ਅੱਜ ਕਾਰਲ ਮਾਰਕਸ ਦੇ ਪਦ-ਚਿੰਨ੍ਹਾਂ ’ਤੇ ਚੱਲਣ ਵਾਲੇ ਅਰਬਪਤੀ ਬਣੇ ਹੋਏ ਹਾਂ। ਇੰਜੀਨੀਅਰ ਜੀਰ ਸਿੰਘ ਬਰਾੜ ਨੇ ਮਜ਼ਦੂਰ ਸੰਘਰਸ਼ ਦੇ ਪਿਛੋਕੜ ਨੂੰ ਬਿਆਨਿਆ ਅਤੇ ਕਿਹਾ ਕਿ ਦਰਸਾਈ ਜਾਂਦੀ ਮਿੱਥ ਅਨੁਸਾਰ ਧਰਤੀ ਨੂੰ ਬਲਦ ਨੇ ਆਪਣੇ ਸਿੰਙਾਂ ’ਤੇ ਨਹੀਂ ਚੁੱਕਿਆ ਬਲਕਿ ਮਜ਼ਦੂਰ ਧਰਤੀ ਨੂੰ ਚੁੱਕੀ ਫਿਰਦੇ ਹਨ। ਗੁਰਚਰਨ ਸਿੰਘ ਹੇਰ ਨੇ ਅਤਿਵਾਦ ’ਤੇ ਲਿਖੀ ਆਪਣੀ ਰਚਨਾ ‘ਸੂਰਜ ਦੀਆਂ ਅਕਲਾਂ ਵਾਲੇ ਅਕਲਾਂ ਨੂੰ ਝਾੜ ਗਏ, ਰੋਟੀ ਕਿਰਦਾਰਾਂ ਦੀ ਉਹ ਤਵਿਆਂ ’ਤੇ ਸਾੜ ਗਏ’ ਪੇਸ਼ ਕੀਤੀ। ਮਨਿੰਦਰ ਚਾਨੇ ਨੇ ਤ੍ਰਿਲੋਕ ਸਿੰਘ ਆਨੰਦ ਦੁਆਰਾ ਰਚਿਤ ਗ਼ਜ਼ਲ ‘ਕੱਲ੍ਹ ਪਰਸੋਂ ਇਸ ਬਸਤੀ ਅੰਦਰ ਘਟੀਆਂ ਕੁੱਝ ਘਟਨਾਵਾਂ, ਤਸਵੀਰਾਂ ਦੀ ਗਰਦ ਝਾੜਨ ਉਹ ਨਿਕਰਮਣ ਮਾਵਾਂ’ ਸੁਣਾਈ।
ਪ੍ਰੀਤ ਸਾਗਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਖੇਤਰ ਦਾ ਕਰਮਚਾਰੀ ਤਾਂ ਮਜ਼ਦੂਰ ਦਿਵਸ ਦੀ ਛੁੱਟੀ ਮਾਣ ਰਿਹਾ ਹੁੰਦਾ ਹੈ, ਪਰ ਜਿਨ੍ਹਾਂ ਖਾਤਰ ਇਹ ਦਿਨ ਹੈ ਉਹ ਕਾਰਖਾਨਿਆਂ ਤੇ ਖੇਤਾਂ ਵਿੱਚ ਰੁਲ਼ ਰਹੇ ਹੁੰਦੇ ਹਨ। ਉਨ੍ਹਾਂ ਇਸ ਵਰਗ ਨੂੰ ਸਮਰਪਿਤ ਅੰਗਰੇਜ਼ੀ ਵਿੱਚ ਲਿਖੀ ਕਵਿਤਾ ਸਾਂਝੀ ਕੀਤੀ। ਅਮਨਪ੍ਰੀਤ ਸਿੰਘ ਨੇ ਸਿੱਖੀ ਸਿਧਾਂਤ ਦੇ ਸੰਦਰਭ ਵਿੱਚ ਮਜ਼ਦੂਰਾਂ ਤੇ ਮਜ਼ਦੂਰ ਦਿਵਸ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਤੇ ਸੱਭਿਆਚਾਰ ਨਾਲ ਜੋੜਨ ਦੀ ਲੋੜ ਹੈ। ਗੁਰਮੀਤ ਸਿੰਘ ਤੰਬੜ ਨੇ ‘ਮਾਂ ਦੀ ਘਾਟ’ ਕਵਿਤਾ ਨਾਲ ਸਾਂਝ ਪਾਈ। ਸੁਖਵਿੰਦਰ ਸਿੰਘ ਥਿੰਦ ਨੇ ਪੰਜਾਬ ਵਿੱਚ ਝੋਨੇ ਦੀ ਅਗੇਤੀ ਬਿਜਾਈ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਰਣਨ ਕੀਤਾ। ਅੰਤ ਵਿੱਚ ਗੁਰਚਰਨ ਥਿੰਦ ਨੇ ਆਪਣੀ ਰਚਨਾ ‘ਧਰਤੀ ਮਾਂ’ ਸਾਂਝੀ ਕੀਤੀ ਅਤੇ ਸਭ ਦਾ ਧੰਨਵਾਦ ਕਰ ਕੇ ਮੀਟਿੰਗ ਦੀ ਸਮਾਪਤੀ ਕੀਤੀ।
*ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ