ਮਜ਼ਦੂਰ ਆਗੂਆਂ ਨੂੰ ਹਿਰਾਸਤ ’ਚ ਲੈਣ ਖ਼ਿਲਾਫ਼ ਪ੍ਰਦਰਸ਼ਨ
ਹਤਿੰਦਰ ਮਹਿਤਾ
ਜਲੰਧਰ, 20 ਮਈ
ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਆਗੂ ਹੰਸ ਰਾਜ ਪੱਬਵਾਂ, ਸੰਗਰੂਰ ਜ਼ਿਲ੍ਹੇ ਦੇ ਦਰਜਨਾਂ ਆਗੂ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਦੇ ਘਰ ਛਾਪੇ ਮਾਰਨ ਦੀ ਨਿਖੇਧੀ ਕਰਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮਗਰੋਂ ਥਾਣਾ ਨੂਰਮਹਿਲ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲੀਸ ਪ੍ਰਸ਼ਾਸਨ ਦਾ ਪੁਤਲਾ ਸਾੜਿਆ ਗਿਆ ਅਤੇ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਜਥੇਬੰਦੀਆਂ ਵੱਲੋਂ ਮਹਿਤਪੁਰ ਥਾਣੇ ਦੇ ਐੱਸਐੱਚਓ ਵੱਲੋਂ ਪੱਤਰਕਾਰ ਹਰਦੀਪ ਸਿੰਘ ਨਾਲ ਬਦਸਲੂਕੀ ਕਰਨ ਦੀ ਨਿਖੇਧੀ ਕੀਤੀ।
ਆਗੂਆਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 20 ਮਈ ਨੂੰ ਸੰਗਰੂਰ ਦੀ ਜੀਂਦ ਰਿਆਸਤ ਦੀ 927 ਏਕੜ ਬੇਚਿਰਾਗ ਜ਼ਮੀਨ ’ਤੇ ਬੇਗਮਪੁਰਾ ਵਸਾਉਣ ਲਈ ਸੰਗਰੂਰ ਚੱਲੋ ਦਾ ਸੱਦਾ ਦਿੱਤਾ ਗਿਆ ਸੀ ਪਰ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਤਾਨਾਸ਼ਾਹੀ ਤੇ ਡੰਡੇ ਦੇ ਜ਼ੋਰ ਨਾਲ ਹਰ ਸੰਘਰਸ਼ ਦਬਾਉਣ ਦੇ ਪੈਂਤੜੇ ਤਹਿਤ ਹੀ ਮਜ਼ਦੂਰ ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤਾਂ ਜੋ ਮਜ਼ਦੂਰਾਂ ਚ ਦਹਿਸ਼ਤ ਫੈਲਾਈ ਜਾਵੇ ਅਤੇ ਸੰਘਰਸ਼ ਨੂੰ ਤਾਰੋਪੀਡੋ ਕੀਤਾ ਜਾ ਸਕੇ। ਇਸ ਮੌਕੇ ਮਜ਼ਦੂਰ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਸੁਰਜੀਤ ਸਮਰਾ, ਗੁਰਨਾਮ ਸਿੰਘ ਤੱਗੜ, ਸੁਰਿੰਦਰ ਕੰਦੋਲਾ, ਗੁਰਕੰਵਲ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਮੰਡਿਆਲਾ, ਵਿਜੇ ਬਾਠ, ਇਸਤਰੀ ਜਾਗ੍ਰਿਤੀ ਮੰਚ ਦੇ ਅਨੀਤਾ ਸੰਧੂ, ਨੌਜਵਾਨ ਭਾਰਤ ਸਭਾ ਦੇ ਆਗੂ ਨਵਜੋਤ ਸਿਆਣੀਵਾਲ ਤੇ ਬੀਕੇਯੂ ਦੋਆਬਾ ਰਛਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।