ਮਜ਼ਦੂਰਾਂ ਨੂੰ ਪ੍ਰਾਪਰਟੀ ਤੇ ਹਾਊਸ ਟੈਕਸ ਦੇ ਨੋਟਿਸ ਭੇਜਣ ਦਾ ਵਿਰੋਧ
ਪੱਤਰ ਪ੍ਰੇਰਕ
ਮਾਨਸਾ, 25 ਮਈ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੀ ਅਗਵਾਈ ਹੇਠ ਨਗਰ ਕੌਂਸਲ ਮਾਨਸਾ ਵੱਲੋਂ ਸ਼ਹਿਰੀ ਮਜ਼ਦੂਰਾਂ, ਲੋੜਵੰਦਾਂ ਨੂੰ ਪ੍ਰਾਪਰਟੀ ਟੈਕਸ, ਹਾਊਸ ਟੈਕਸ ਦੇ ਨੋਟਿਸ ਭੇਜਣ ਖ਼ਿਲਾਫ਼ ਸ਼ਹਿਰ ਦੇ ਵਾਰਡ ਨੰਬਰ-1, ਨਿਰਵੈਰ ਨਗਰ ਦੇ ਵਾਸੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਹਾਊਸ ਟੈਕਸ ਨਾ ਭਰਨ ਦਾ ਐਲਾਨ ਕੀਤਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਰਾਜ ਭਾਗ ਵਿੱਚ ਮਜ਼ਦੂਰਾਂ, ਲੋੜਵੰਦਾਂ ਨੂੰ ਕੋਈ ਸਹੂਲਤ ਦੇਣਾ ਤਾਂ ਦੂਰ ਉਲਟਾ ਮੁੱਖ ਮੰਤਰੀ ਨੇ ਮਿਹਨਤ ਮਜ਼ਦੂਰੀਆਂ ਤੇ ਕਰਜ਼ੇ ਚੁੱਕ ਘਰ ਬਣਾ ਕੇ ਆਪਣੇ ਬੱਚੇ ਪਾਲ ਰਹੇ ਦਿਹਾੜੀਦਾਰ ਮਜ਼ਦੂਰਾਂ ਨੂੰ ਹਜ਼ਾਰਾਂ ਰੁਪਏ ਦੇ ਨੋਟਿਸ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਫੋਕੀ ਇਸ਼ਤਿਹਾਰਬਾਜ਼ੀ ਦੇ ਫਜ਼ੂਲ ਖਰਚੇ ’ਤੇ ਕੱਟ ਲਾਉਣ ਦੀ ਥਾਂ ਮਜ਼ਦੂਰਾਂ ਨੂੰ ਟੈਕਸ ਦੇ ਨੋਟਿਸ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਮਜ਼ਦੂਰਾਂ ਤੇ ਨਾਜਾਇਜ਼ ਟੈਕਸਾਂ ਦਾ ਜ਼ੋਰਦਾਰ ਵਿਰੋਧ ਕਰੇਗਾ ਅਤੇ ਸਰਕਾਰ ਦੀ ਹਦਾਇਤ ’ਤੇ ਨਗਰ ਕੌਂਸਲ ਵੱਲੋਂ ਦਿਹਾੜੀਦਾਰ ਮਜ਼ਦੂਰਾਂ ਨੂੰ ਭੇਜੇ ਨੋਟਿਸਾਂ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ ਜਾਵੇਗਾ।