ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭ੍ਰਿਸ਼ਟਾਚਾਰ: ‘ਆਪ’ ਵਿਧਾਇਕ ਰਮਨ ਅਰੋੜਾ ਗ੍ਰਿਫ਼ਤਾਰ

04:25 AM May 24, 2025 IST
featuredImage featuredImage
ਜਲੰਧਰ ਵਿੱਚ ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੇ ਹੋਏ ਵਿਜੀਲੈਂਸ ਅਧਿਕਾਰੀ। -ਫੋਟੋ: ਮਲਕੀਅਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 23 ਮਈ
ਜਲੰਧਰ (ਕੇਂਦਰੀ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਟੀਮ ਉਸ ਨੂੰ ਆਪਣੇ ਨਾਲ ਲੈ ਗਈ ਹੈ। ਵਿਜੀਲੈਂਸ ਦੀ ਟੀਮ ਨੇ ਸਵੇਰੇ 8.45 ਵਜੇ ਅਸ਼ੋਕ ਨਗਰ ਸਥਿਤ ਅਰੋੜਾ ਦੇ ਘਰ ’ਤੇ ਛਾਪਾ ਮਾਰਿਆ। ਵਿਜੀਲੈਂਸ ਟੀਮ ਪਹੁੰਚੀ ਤਾਂ ਉਸ ਸਮੇਂ ਵਿਧਾਇਕ ਅਰੋੜਾ ਕਿਤੇ ਜਾ ਰਹੇ ਸਨ। ਵਿਜੀਲੈਂਸ ਨੇ ਉਨ੍ਹਾਂ ਨੂੰ ਘਰ ਨੇੜੇ ਮੰਦਰ ਦੇ ਮੋੜ ਤੋਂ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਟੀਮ ਉਨ੍ਹਾਂ ਨੂੰ ਘਰ ਲੈ ਗਈ, ਜਿਸ ਮਗਰੋਂ ਘਰ ਦੀ ਤਲਾਸ਼ੀ ਲਈ ਗਈ। ਠੋਸ ਸਬੂਤ ਮਿਲਣ ਤੋਂ ਬਾਅਦ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੂਤਰਾਂ ਅਨੁਸਾਰ ਟੀਮ ਨੇ ਵਿਧਾਇਕ ਦੇ ਨਿੱਜੀ ਸਹਾਇਕ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।
ਵਿਧਾਇਕ ਦਾ ਮਾਮਲਾ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਸਹਾਇਕ ਟਾਊਨ ਪਲਾਨਰ (ਏਟੀਪੀ) ਨਾਲ ਸਬੰਧਤ ਹੈ। ਸਰਕਾਰੀ ਬੁਲਾਰੇ ਅਨੁਸਾਰ ਵਿਧਾਇਕ ’ਤੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨੂੰ ਕਥਿਤ ਨੋਟਿਸ ਭੇਜਣ ਦਾ ਦੋਸ਼ ਹੈ। ਫਿਰ ਉਸ ਨੇ ਕਥਿਤ ਪੈਸੇ ਲਏ ਅਤੇ ਨੋਟਿਸ ਖਾਰਜ ਕਰਵਾ ਦਿੱਤੇ। ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਅਰੋੜਾ ਵਿਰੁੱਧ ਕਾਰਵਾਈ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਸਨ। ਕੁਝ ਦਿਨ ਪਹਿਲਾਂ ਅਰੋੜਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਰਮਨ ਅਰੋੜਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਧਾਇਕ ਦੇ ਘਰ ਛਾਪਾ ਮਾਰਿਆ ਗਿਆ ਹੈ। ਉਹ ਮੌਕੇ ’ਤੇ ਪਹੁੰਚੇ ਪਰ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਵਿਜੀਲੈਂਸ ਟੀਮ ਬਸਤੀ ਗੁਜਾ ਸਥਿਤ ਵਿਧਾਇਕ ਅਰੋੜਾ ਦੇ ਰਿਸ਼ਤੇਦਾਰ ਰਾਜੂ ਮਦਾਨ ਦੇ ਘਰ ਵੀ ਪਹੁੰਚੀ। ਹਾਲਾਂਕਿ, ਟੀਮ ਨੂੰ ਇੱਥੋਂ ਖਾਲੀ ਹੱਥ ਪਰਤਣਾ ਪਿਆ ਕਿਉਂਕਿ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਟੀਮ ਵਿਧਾਇਕ ਰਮਨ ਅਰੋੜਾ ਦੇ ਨਿੱਜੀ ਸਹਾਇਕ ਦੇ ਘਰ ਪਹੁੰਚੀ।

Advertisement

ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਕੋਈ ਵੱਡਾ ਸਿਆਸੀ ਵਿਅਕਤੀ ਜਾਂ ਅਧਿਕਾਰੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ, ਫਿਰ ਭਾਵੇਂ ਉਹ ਵਿਅਕਤੀ ਉਨ੍ਹਾਂ ਦਾ ਆਪਣਾ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਵਿਅਕਤੀ ਵਿਰੁੱਧ ਨਹੀਂ ਸਗੋਂ ਭ੍ਰਿਸ਼ਟਾਚਾਰ ਵਿਰੁੱਧ ਹੈ।

ਕਈ ਸਾਬਕਾ ਵਜ਼ੀਰ ਆ ਚੁੱਕੇ ਨੇ ਵਿਜੀਲੈਂਸ ਦੇ ਘੇਰੇ ’ਚ

ਚੰਡੀਗੜ੍ਹ (ਚਰਨਜੀਤ ਭੁੱਲਰ): ‘ਆਪ’ ਸਰਕਾਰ ਦੇ ਰਾਜ ਦੌਰਾਨ ਵਿਜੀਲੈਂਸ ਕੇਸਾਂ ’ਚ ਉਲਝੇ ਸਿਆਸੀ ਆਗੂ ਫਿਲਹਾਲ ਸਜ਼ਾ ਤੋਂ ਦੂਰ ਹਨ। ਜਲੰਧਰ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਨਾਲ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਮੁੜ ਚਰਚਾ ’ਚ ਹੈ। ਹੁਣ ਤੱਕ ਪੰਜ ਸਾਬਕਾ ਕਾਂਗਰਸੀ ਵਜ਼ੀਰਾਂ ਅਤੇ ਇੱਕ ‘ਆਪ’ ਵਜ਼ੀਰ ਖ਼ਿਲਾਫ਼ ਵਿਜੀਲੈਂਸ ਕੇਸ ਦਰਜ ਹੋਏ ਹਨ। ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਜੇਲ੍ਹ ਜਾਣਾ ਪਿਆ। ਹਾਈ ਕੋਰਟ ਨੇ ਇਨ੍ਹਾਂ ਆਗੂਆਂ ਖ਼ਿਲਾਫ਼ ਦਰਜ ਕੇਸਾਂ ਨੂੰ ਹੀ ਖ਼ਾਰਜ ਕਰ ਦਿੱਤਾ ਜਿਸ ਕਾਰਨ ਵਿਜੀਲੈਂਸ ਨੂੰ ਨਮੋਸ਼ੀ ਝੱਲਣੀ ਪਈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ 6 ਫਰਵਰੀ, 2023 ਨੂੰ ਕੇਸ ਦਰਜ ਹੋਇਆ ਸੀ ਅਤੇ ਉਹ ਵੀ ਹੁਣ ਜ਼ਮਾਨਤ ’ਤੇ ਬਾਹਰ ਹਨ। ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ 24 ਸਤੰਬਰ, 2023 ਨੂੰ ਕੇਸ ਦਰਜ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਸੀ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਜੇਲ੍ਹ ਜਾਣਾ ਪਿਆ ਸੀ ਅਤੇ ਹੁਣ ਉਹ ਜ਼ਮਾਨਤ ’ਤੇ ਹਨ। ਸਾਬਕਾ ਕਾਂਗਰਸੀ ਵਿਧਾਇਕਾਂ ’ਚੋਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਜੇਲ੍ਹ ਜਾਣਾ ਪਿਆ ਸੀ ਜੋ ਹੁਣ ਜ਼ਮਾਨਤ ’ਤੇ ਹਨ। ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ 26 ਮਈ, 2022 ਨੂੰ ਦਰਜ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ, ਉਨ੍ਹਾਂ ਨੂੰ ਵੀ ਅਦਾਲਤ ’ਚੋਂ ਜ਼ਮਾਨਤ ਮਿਲ ਗਈ ਸੀ। ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਵੀ ਜੇਲ੍ਹ ਜਾ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਬੀਆਈਐੱਸ ਚਾਹਲ ਵੀ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਰਹੇ ਹਨ। ਵਿਜੀਲੈਂਸ ਨੇ ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ, ਬ੍ਰਹਮ ਮਹਿੰਦਰਾ ਤੇ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖ਼ਿਲਾਫ਼ ਵੀ ਜਾਂਚ ਵਿੱਢੀ ਸੀ ਜੋ ਹਾਲੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗ ਸਕੀ ਹੈ। ‘ਆਪ’ ਸਰਕਾਰ ਨੇ ਸਭ ਤੋਂ ਪਹਿਲਾਂ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ 24 ਮਈ, 2022 ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ 8 ਜੁਲਾਈ, 2022 ਨੂੰ ਜ਼ਮਾਨਤ ਮਿਲ ਗਈ ਸੀ। ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਖ਼ਿਲਾਫ਼ ਵੀ ਵਿਜੀਲੈਂਸ ਨੇ 16 ਫਰਵਰੀ, 2023 ਨੂੰ ਕੇਸ ਦਰਜ ਕੀਤਾ ਸੀ ਅਤੇ ਉਹ ਵੀ ਜ਼ਮਾਨਤ ’ਤੇ ਬਾਹਰ ਹਨ। ਵਿਜੀਲੈਂਸ ਵੱਲੋਂ ਪਹਿਲੀ ਜਨਵਰੀ, 2022 ਤੋਂ 30 ਅਪਰੈਲ, 2025 ਦੌਰਾਨ ਦਰਜ ਕੇਸਾਂ ’ਚ ਸਿਰਫ਼ 9 ਗਜ਼ਟਿਡ ਅਫ਼ਸਰਾਂ ਨੂੰ ਸਜ਼ਾ ਹੋਈ ਹੈ ਜਦੋਂ ਕਿ 98 ਛੋਟੇ ਅਫ਼ਸਰ ਸਜ਼ਾ ਦੇ ਭਾਗੀਦਾਰ ਬਣੇ ਹਨ। ਇਵੇਂ ਹੀ 52 ਪ੍ਰਾਈਵੇਟ ਲੋਕਾਂ ਨੂੰ ਸਜ਼ਾ ਹੋਈ। ਮੌਜੂਦਾ ਵਰ੍ਹੇ ’ਚ ਵਿਜੀਲੈਂਸ ਦੀ ਸਜ਼ਾ ਦਰ 31 ਫ਼ੀਸਦੀ ਹੈ ਜਦੋਂ ਕਿ ਸਾਲ 2024 ’ਚ 39 ਫ਼ੀਸਦੀ ਅਤੇ ਸਾਲ 2023 ’ਚ 37 ਫ਼ੀਸਦੀ ਰਹੀ ਹੈ। ਬੀਤੇ ਸਵਾ ਤਿੰਨ ਵਰ੍ਹਿਆਂ ਦੌਰਾਨ ਆਮਦਨ ਦੇ ਸਰੋਤਾਂ ਤੋਂ ਵੱਧ ਬਣਾਈ ਜਾਇਦਾਦ ਦੇ ਮਾਮਲਿਆਂ ’ਚ 8 ਗਜ਼ਟਿਡ ਅਫ਼ਸਰਾਂ ਅਤੇ 9 ਛੋਟੇ ਅਫ਼ਸਰਾਂ ਖ਼ਿਲਾਫ਼ ਕੇਸ ਦਰਜ ਹੋਏ। ਇਸ ਸਮੇਂ ਦੌਰਾਨ ਹੀ ਵਿਜੀਲੈਂਸ ਨੇ 42 ਗਜ਼ਟਿਡ ਅਫ਼ਸਰ ਅਤੇ 384 ਨਾਨ ਗਜ਼ਟਿਡ ਅਫ਼ਸਰ ਰੰਗੇ ਹੱਥੀ ਫੜੇ ਸਨ। ਟਰੈਪ ਕੇਸਾਂ ਦੇ ਮਾਮਲੇ ਦੇਖੀਏ ਤਾਂ ਸਾਲ 2022 ਵਿੱਚ 18, 2024 ਵਿੱਚ 10 ਅਤੇ ਮੌਜੂਦਾ ਵਰ੍ਹੇ 8 ਗਜ਼ਟਿਡ ਅਫ਼ਸਰ ਫੜੇ ਗਏ ਹਨ। ਹੁਣ ਤੱਕ 99 ਗਜ਼ਟਿਡ ਅਫ਼ਸਰਾਂ ਅਤੇ 139 ਨਾਨ ਗਜ਼ਟਿਡ ਅਫ਼ਸਰਾਂ ਖ਼ਿਲਾਫ਼ ਵਿਜੀਲੈਂਸ ਪੜਤਾਲ ਹੋਈ ਹੈ।

Advertisement

Advertisement