ਭੋਗਪੁਰ ’ਚ ਬਾਇਓ ਗੈਸ ਪਲਾਂਟ ਦਾ ਵਿਰੋਧ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 14 ਮਈ
ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਸੀਐੱਨਜੀ ਬਾਇਓ ਗੈਸ ਪਲਾਂਟ ਲੱਗਣ ਕਾਰਨ ਲੋਕਾਂ ’ਚ ਰੋਸ ਹੈ। ਪਲਾਂਟ ਬੰਦ ਕਰਾਉਣ ਲਈ ਡਟੀ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਬਾਇਓ ਗੈਸ ਪਲਾਂਟ ਲੱਗਣ ਕਾਰਨ ਹਵਾ ਪ੍ਰਦੂਸ਼ਿਤ ਹੋਵੇਗੀ ਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਣਗੇ। ਤਾਲਮੇਲ ਸੰਘਰਸ਼ ਕਮੇਟੀ ਦੇ ਆਗੂ ਦਿਨ ਰਾਤ ਪਲਾਂਟ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਬਾਇਓ ਗੈਸ ਪਲਾਂਟ ਨਹੀਂ ਲੱਗਣ ਦੇਣਗੇ। ਇਸ ਸਬੰਧੀ ਬਾਇਓ ਗੈਸ ਪਲਾਂਟ ਲਗਾਉਣ ਵਾਲੀ ਕੰਪਨੀ ਐੱਸਐੱਨਡੀ ਬਾਇਓ ਫਾਊਲਜ਼ ਐੱਲਐੱਲਪੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ‘ਕੋਈ ਇਤਰਾਜ਼ ਨਹੀਂ ਸਰਟੀਫਿਕੇਟ’ ਪ੍ਰਾਪਤ ਕਰਕੇ ਹੀ ਬਾਇਓ ਗੈਸ ਪਲਾਂਟ ਲਗਾ ਰਹੇ ਹਨ ਜਿਸ ਦਾ 70 ਫ਼ੀਸਦ ਕੰਮ ਹੋ ਚੁੱਕਾ ਹੈ ਅਤੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ। ਇਸ ਕਰਕੇ ਪਲਾਂਟ ਨੂੰ ਬੰਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ 26 ਮਈ ਨੂੰ ‘ਕੋਈ ਇਤਰਾਜ਼ ਨਹੀਂ ਸਰਟੀਫਿਕੇਟ’ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
ਪਲਾਂਟ ਦਾ ਚੱਲ ਰਿਹਾ ਕੰਮ ਬੰਦ ਕਰਨ ਦਾ ਅਦਾਲਤ ਨੇ ਕੋਈ ਹੁਕਮ ਨਹੀਂ ਦਿੱਤਾ ਪਰ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਕੰਮ ’ਚ ਰੁਕਾਵਟ ਪਾਈ ਜਾ ਰਹੀ ਹੈ। ਇਸ ਕਾਰਨ ਕੰਪਨੀ ਨੂੰ ਨੁਕਸਾਨ ਹੋ ਰਿਹਾ ਹੈ। ਨੁਕਸਾਨ ਦੀ ਭਰਪਾਈ ਸੰਘਰਸ਼ ਕਮੇਟੀ ਤੋਂ ਕਰਵਾਈ ਜਾਵੇਗੀ।