ਭੈਣ ਦਾ ਅੰਤਿਮ ਸੰਸਕਾਰ, ਭਰਾ ਦੀ ਹਾਲਤ ਗੰਭੀਰ
ਮਿਹਰ ਸਿੰਘ
ਕੁਰਾਲੀ, 8 ਮਈ
ਇੱਥੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਨੱਗਲ ਸਿੰਘਾਂ ਵਿੱਚ ਇੱਕ ਵਿਅਕਤੀ ਵੱਲੋਂ ਪਰਿਵਾਰ ਨੂੰ ਕੋਲਡ ਡਰਿੰਕ ਵਿੱਚ ਜ਼ਹਿਰ ਦਿੱਤੇ ਜਾਣ ਦੀ ਘਟਨਾ ਦੌਰਾਨ ਮਾਰੀ ਗਈ ਲੜਕੀ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਜਦੋਂਕਿ ਉਸ ਦਾ ਭਰਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਧਰ, ਦੋ ਦਿਨ ਬੀਤੇ ਜਾਣ ਦੇ ਬਾਵਜੂਦ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਆਇਆ। ਇਸ ਵਿਅਕਤੀ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਕੋਲਡ ਡਰਿੰਕ ਵਿੱਚ ਕਥਿਤ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ 12 ਸਾਲਾ ਲੜਕੀ ਦੀ ਮੌਤ ਹੋ ਗਈ ਜਦਕਿ ਲੜਕਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪਿੰਕੀ ਦੇਵੀ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਪਤੀ ਕੁਲਵਿੰਦਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ‘ਤੇ ਵੀ ਸ਼ੱਕ ਕਰਦਾ ਸੀ। ਉਸਨੇ ਦੱਸਿਆ ਕਿ ਜਦੋਂ ਦੋਵੇਂ ਬੱਚੇ ਸਕੂਲ ਤੋਂ ਪਰਤੇ ਤਾਂ ਕੁਲਵਿੰਦਰ ਸਿੰਘ ਨੇ ਕੋਲਡ ਡਰਿੰਕ ਵਿੱਚ ਜ਼ਹਿਰਲੀ ਚੀਜ਼ ਮਿਲਾ ਕੇ ਉਨ੍ਹਾਂ ਨੂੰ ਪਿਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਬੱਚਿਆਂ ਪਰਦੀਪ ਸਿੰਘ (14) ਅਤੇ ਖੁਸ਼ਪ੍ਰੀਤ ਕੌਰ (12) ਨੂੰ ਕੋਲਡ ਡਰਿੰਕ ਪਿਲਾਉਣ ਮਗਰੋਂ ਖੁਦ ਵੀ ਪੀ ਲਈ। ਇਸ ਮਗਰੋਂ ਦੋਵਾਂ ਬੱਚਿਆਂ ਦੀ ਸਿਹਤ ਵਿਗੜਨ ‘ਤੇ ਹਸਪਤਾਲ ਲਿਆਂਦਾ ਗਿਆ, ਜਿੱਥੇ ਲੜਕੀ ਦੀ ਮੌਤ ਹੋ ਗਈ। ਜ਼ੇਰੇ ਇਲਾਜ ਕੁਲਵਿੰਦਰ ਸਿੰਘ ਵੀ ਹਸਪਤਾਲ ਵਿੱਚੋਂ ਫ਼ਰਾਰ ਹੋ ਗਿਆ, ਜਦੋਂਕਿ ਲੜਕਾ ਪ੍ਰਦੀਪ ਸਿੰਘ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ।
ਥਾਣਾ ਸਦਰ ਦੇ ਐੱਸਐੱਚਓ ਅਕਾਸ਼ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਕੁਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਮਗਰੋਂ ਲੜਕੀ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।