‘ਭੂਲ ਚੁੂਕ ਮੁਆਫ਼’ ਹੁਣ ਪ੍ਰਾਈਮ ਵੀਡੀਓਜ਼ ’ਤੇ ਹੋਵੇਗੀ ਰਿਲੀਜ਼
ਨਵੀਂ ਦਿੱਲੀ: ਮਡੌਕ ਫਿਲਮਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਫਿਲਮ ‘ਭੂਲ ਚੁੂਕ ਮੁਆਫ਼’ ਨੂੰ ਇਸ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ। ਦੱਸਿਆ ਗਿਆ ਹੈ ਕਿ ਇਹ ਫ਼ੈਸਲਾ ਮੁਲਕ ਦੇ ਮੌਜੂਦਾ ਹਾਲਾਤ ਅਤੇ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਮੌਕ ਡਰਿੱਲਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਰੁਮਾਂਟਿਕ ਕਾਮੇਡੀ ਫਿਲਮ ਨੂੰ ਹੁਣ 16 ਮਈ ਨੂੰ ਓਟੀਟੀ ਪਲੈਟਫਾਰਮ ਪ੍ਰਾਈਮ ਵੀਡੀਓਜ਼ ’ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫ਼ੈਸਲਾ ਭਾਰਤੀ ਫ਼ੌਜ ਵੱਲੋਂ ਕੀਤੇ ‘ਅਪਰੇਸ਼ਨ ਸਿੰਧੂਰ’ ਤੋਂ ਅਗਲੇ ਦਿਨ ਲਿਆ ਗਿਆ ਹੈ। ਮੁਲਕ ਵਿੱਚ ਬਣੇ ਤਣਾਅਪੂਰਨ ਹਾਲਾਤ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ’ਤੇ ਮੌਕ ਡਰਿੱਲ ਕੀਤੀਆਂ ਜਾ ਰਹੀਆਂ ਹਨ। ਇਸ ਮਗਰੋਂ ਮਡੌਕ ਫਿਲਮਜ਼ ਅਤੇ ਐਮਾਜ਼ੋਨ ਐੱਮਜੀਐੱਮ ਸਟੂਡੀਓਜ਼ ਨੇ ਫ਼ੈਸਲਾ ਕੀਤਾ ਹੈ ਕਿ ਇਸ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ। ਮਡੌਕ ਫਿਲਮਜ਼ ਵੱਲੋਂ ਕਿਹਾ ਗਿਆ ਹੈ ਕਿ ਹੁਣ ਇਸ ਪਰਿਵਾਰਕ ਕਾਮੇਡੀ ਨੂੰ ਦਰਸ਼ਕਾਂ ਦੇ ਘਰਾਂ ਵਿੱਚ ਪਹੁੰਚਾਉਣ ਲਈ 16 ਮਈ ਨੂੰ ਪ੍ਰਾਈਮ ਵੀਡੀਓਜ਼ ’ਤੇ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਨ ਕਰਨ ਸ਼ਰਮਾ ਨੇ ਕੀਤਾ ਹੈ। -ਪੀਟੀਆਈ