ਭੁਪਾਲ ’ਚ ਔਰਤ ਨੂੰ ਵਰਗਲਾਉਣ ਵਾਲੇ ਖ਼ਿਲਾਫ਼ ਕਾਰਵਾਈ ਲਈ ਰੈਲੀ
ਪੱਤਰ ਪ੍ਰੇਰਕ
ਮਾਨਸਾ, 25 ਮਈ
ਪਿੰਡ ਭੁਪਾਲ ਦੀ ਔਰਤ ਨੂੰ ਵਰਗਲਾ ਕੇ ਲਿਜਾਣ ਵਾਲੇ ਇੱਕ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਥਾਣਾ ਜੋਗਾ ਦੀ ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਡਰਾਉਣ-ਧਮਕਾਉਣ ਦੇ ਰੋਸ ਵਜੋਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਪਿੰਡ ਅੰਦਰ ਰੋਸ ਰੈਲੀ ਕੀਤੀ। ਰੈਲੀ ਦੌਰਾਨ ਐਲਾਨ ਕੀਤਾ ਗਿਆ ਕਿ ਭਲਕੇ 26 ਮਈ ਨੂੰ ਥਾਣਾ ਜੋਗਾ ਦੇ ਅਧਿਕਾਰੀਆਂ ਦੇ ਪੱਖਪਾਤੀ ਕਾਰਵਾਈ ਖ਼ਿਲਾਫ਼ ਐੱਸਐੱਸਪੀ ਮਾਨਸਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ।
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਦਲਿਤ ਪਰਿਵਾਰ ਦੀ ਔਰਤ ਨੂੰ ਗਾਇਬ ਕੀਤਿਆਂ 10 ਦਿਨ ਬੀਤ ਚੁੱਕੇ ਹਨ ਅਤੇ ਔਰਤ ਨੂੰ ਗਾਇਬ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਹੋਣ ਦੇ ਬਾਅਦ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਥਾਂ ਉਲਟਾ ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਹੀ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸੂਰਵਾਰ ਦੇ ਫੋਨ ਡੀਟੇਲ ਮਿਲਣ ਦੇ ਬਾਵਜੂਦ ਪੁਲੀਸ ਮੁਲਾਜ਼ਮ ਸਵੇਰੇ ਥਾਣੇ ਬੁਲਾ ਕੇ ਸ਼ਾਮ ਨੂੰ ਘਰੇ ਛੱਡ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਸੂਰਵਾਰ ਖ਼ਿਲਾਫ਼ ਪਿੰਡ ਦੀ ਪੂਰੀ ਪੰਚਾਇਤ ਦੀ ਗਵਾਹੀ ਦੇ ਬਾਅਦ ਵੀ ਥਾਣਾ ਜੋਗਾ ਪੁਲੀਸ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਦੇ ਰਿਹਾ, ਜਿਸ ਤੋਂ ਸਾਫ ਹੈ ਕਿ ਪੁਲੀਸ ਦਲਿਤ ਪਰਿਵਾਰ ਦੀ ਔਰਤ ਨੂੰ ਗਾਇਬ ਕਰਨ ਵਾਲੇ ਵਿਅਕਤੀ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਸਐੱਸਪੀ ਮਾਨਸਾ ਦੇ ਬੇਨਤੀ ਕਰਨ ਦੇ ਬਾਅਦ ਵੀ ਦਲਿਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਭੋਲ਼ਾ ਸਿੰਘ ਝੱਬਰ, ਭੂਰਾ ਸਿੰਘ ਸਮਾਓਂ, ਦਰਸ਼ਨ ਸਿੰਘ ਭੁਪਾਲ, ਗੁਰਤੇਜ ਸਿੰਘ ਪੰਚ,ਦੇਸਾ ਸਿੰਘ, ਕੁਲਵਿੰਦਰ ਕੌਰ, ਕਰਨੈਲ ਕੌਰ, ਜੰਟਾ ਸਿੰਘ, ਜੀਤਾ ਸਿੰਘ ਵੀ ਮੌਜੂਦ ਸਨ।