ਭੀੜ-ਤੰਤਰ
ਕੇ.ਐਲ. ਗਰਗ
ਬੰਦਿਆਂ ਦੀ ਭੀੜ ਦੀ ਖ਼ਸਲਤ ਭੇਡਾਂ ਦੇ ਇੱਜੜ ਵਾਂਗ ਹੁੰਦੀ ਹੈ। ਜਿੱਧਰ ਨੂੰ ਇਕ ਭੇਡ ਤੁਰਦੀ ਹੈ, ਬਾਕੀ ਵੀ ਮਿਆਂ-ਮਿਆਂ ਕਰਕੇ ਉੱਧਰ ਨੂੰ ਤੁਰ ਜਾਂਦੀਆਂ ਹਨ। ਇਕ ਖੂਹ ‘ਚ ਡਿੱਗੇ ਤਾਂ ਬਾਕੀ ਵੀ ਅੱਖਾਂ ਮੀਟ ਕੇ ਧੈਂ-ਧੈਂ ਦੇਣੇ ਖੂਹ ਵਿਚ ਜਾ ਡਿੱਗਦੀਆਂ ਹਨ।
ਭੀੜ ਵੀ ਏਦਾਂ ਹੀ ਕਰਦੀ ਹੈ।
ਇਕ ਜਣਾ ਲਾਰੀ ਦੇ ਪੱਥਰ ਮਾਰੇ ਤਾਂ ਬਾਕੀ ਦੇ ਭੀੜਜਨ ਵੀ ਠਾਹ-ਠਾਹ ਲਾਰੀ ‘ਤੇ ਪੱਧਰ ਜੜ ਦਿੰਦੇ ਹਨ। ਇਕ ਜਣਾ ਇਮਾਰਤ ਨੂੰ ਅੱਗ ਲਾਵੇ ਤਾਂ ਬਾਕੀ ਭੀੜ ਵੀ ਇਮਾਰਤ ਨੂੰ ਧੂੰ-ਧੂੰ ਸਾੜਣੋਂ ਗੁਰੇਜ਼ ਨਹੀਂ ਕਰਦੀ।
ਇਕ ਜਣਾ ਕਿਸੇ ਫ਼ਿਰਕੇ ਦੇ ਬੰਦੇ ਨੂੰ ਘੇਰੇ ਤਾਂ ਬਾਕੀ ਭੀੜ ਵੀ ਉਸ ਨਾਲ ਕਬੱਡੀ ਖੇਡਣ ਲੱਗ ਜਾਂਦੀ ਹੈ। ਕਾਫ਼ਰ-ਕਾਫ਼ਰ ਬੜਬੜਾਉਣ ਲੱਗਦੀ ਹੈ। ਇਕ ਜਣਾ ਕਿਸੇ ਹੋਰ ਫ਼ਿਰਕੇ ਦੇ ਬੰਦੇ ਨੂੰ ਪਾਜੀ-ਪਾਜੀ ਆਖ ਉਸ ਨੂੰ ਪਾਰ ਬੁਲਾਉਣ ਲੱਗੇ ਤਾਂ ਬਾਕੀ ਵੀ ਉਸ ਨੂੰ ਦੇਸ਼-ਧ੍ਰੋਹੀ ਆਖ-ਆਖ ਅਗਲੇ ਜਹਾਨ ਪਹੁੰਚਾਉਣ ਲਈ ਤਨ-ਮਨ ਨਾਲ ਜ਼ੋਰ ਲਗਾਉਣ ਲੱਗਦੇ ਹਨ। ਕਿਉਂਕਿ ਇਨ੍ਹਾਂ ਸਾਰਿਆਂ ਦੀ ਖ਼ਸਲਤ ਭੇਡ ਸਮਾਨ ਜੁ ਹੁੰਦੀ ਹੈ।
ਕਈ ਦਾਰਸ਼ਨਿਕ ਆਖਦੇ ਹਨ ਕਿ ਭੀੜ ਦਾ ਆਪਣਾ ਕੋਈ ਦਿਮਾਗ਼ ਨਹੀਂ ਹੁੰਦਾ। ਉਹ ਤਾਂ ਇਸ਼ਾਰਿਆਂ ਮੂਜਬ ਚੱਲਦੀ ਹੈ। ਉਸ ਨੂੰ ਤਾਂ ਆਪਣੇ ਖੱਬੇ-ਸੱਜੇ ਦਾ ਵੀ ਪਤਾ ਨਹੀਂ ਹੁੰਦਾ। ਉਸ ਨੂੰ ਖੱਬੇ-ਸੱਜੇ ਦੀ ਸੋਝੀ ਵੀ ਕੋਈ ਪਿਛਾਂਹ ਖਲ੍ਹੋਤੀ ਹੋਰ ਸ਼ਕਤੀ ਹੀ ਕਰਵਾਉਂਦੀ ਹੈ। ਭੀੜ ਦਾ ਵਰਤਾਰਾ ਵੀ ਸਮੂਹ ਵਾਲਾ ਹੀ ਹੁੰਦਾ ਹੈ। ਭੀੜ ਸਮੂਹ ਦੇ ਘੇਰੇ ‘ਚ ਹੀ ਸੋਚਦੀ ਹੈ। ਜੋ ਸਮੂਹ ਕਰੇ ਉਹੀ ਭੀੜ ਕਰੇ ਕਰਾਵੇ। ਸਿੰਗਲ ਸੋਚ ਭੀੜ ‘ਚ ਕੰਮ ਨਹੀਂ ਕਰਦੀ। ਭੀੜ ਦਾ ਇਕੋ ਮਨੋਵਿਗਿਆਨ ਹੁੰਦਾ ਹੈ ਭੈੜ, ਭੈੜ ਤੇ ਭੈੜ।
ਭੀੜ ਦਾ ਭਲਾ ਫੇਰ ਫ਼ਾਇਦਾ ਕਿਸ ਨੂੰ ਹੁੰਦਾ ਹੈ?
ਹੁੰਦਾ ਹੈ, ਹੁੰਦਾ ਹੈ, ਭੀੜ ਦਾ ਫ਼ਾਇਦਾ ਵੀ ਕੁਝ ਲੋਕਾਂ ਨੂੰ ਹੁੰਦਾ ਹੈ। ਭੀੜ ਲੀਡਰਾਂ, ਸਾਧਾਂ ਅਤੇ ਜੇਬਕਤਰਿਆਂ ਲਈ ਲਾਹੇਵੰਦ ਹੁੰਦੀ ਹੈ।
ਭੀੜ ਨਾ ਹੋਵੇ ਤਾਂ ਲੀਡਰ ਸਾਹਬ ਦਾ ਚਿੱਤ ਕਰਾਰਾ ਨਹੀਂ ਹੁੰਦਾ। ਭਾਸ਼ਣ ਦਾ ਮਜ਼ਾ ਹੀ ਕਿਰਕਿਰਾ ਹੋ ਜਾਂਦਾ ਹੈ। ਖਾਲੀ ਤੇ ਅਧਭਰਿਆ ਪੰਡਾਲ ਦੇਖ ਕੇ ਚਿੱਤ ਇਉਂ ਹੋ ਜਾਂਦਾ ਹੈ ਜਿਵੇਂ ਫੁਸਫੁਸਾ ਜਿਹਾ ਭਿੱਜੜ ਗੋਲਗੱਪਾ ਖਾ ਲਿਆ ਹੋਵੇ। ਭੀੜ ਬਗੈਰ ਨੇਤਾ ਜੀ ਦਾ ਭਾਸ਼ਣ ਮਿਰਗੀ ਦੇ ਮਰੀਜ਼ ਤੁੱਲ ਹੋ ਜਾਂਦਾ ਹੈ। ਜੇ ਭੀੜ ਜਮ੍ਹਾਂ ਨਾ ਹੁੰਦੀ ਹੋਵੇ ਤਾਂ ਨੇਤਾ ਜੀ ਤੇ ਉਨ੍ਹਾਂ ਦੇ ਗੁਰਗੇ, ਚਮਚੇ ਭੀੜ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਭਾਵੇਂ ਉਨ੍ਹਾਂ ਨੂੰ ਗਾਉਣ ਵਾਲੀਆਂ ਦੀ ਤਾਂ ਗੱਲ ਹੀ ਛੱਡੋ, ਕੰਜਰੀਆਂ ਵੀ ਭਾਵੇਂ ਕਿਉਂ ਨਾ ਨਚਾਉਣੀਆਂ ਪੈਣ। ਉਹ ਇਹ ਕੰਮ ਵੀ ਕਰਨੋਂ ਪਿਛਾਂਹ ਨਹੀਂ ਰਹਿੰਦੇ। ਉਹ ਪੱਤਰਕਾਰਾਂ ਦਾ ਇਹ ਤਾਅਨਾ ਸੁਣਨ ਨਾਲੋਂ ਮਰ ਜਾਣਾ ਬਿਹਤਰ ਸਮਝਦੇ ਹਨ:
”ਚੋਣ ਭਾਸ਼ਣ ਤੇ ਚੋਣ ਮੁਹਿੰਮ ਦੌਰਾਨ ਨੇਤਾ ਜੀ ਦੇ ਪੰਡਾਲ ਦੀਆਂ ਕੁਰਸੀਆਂ ਖਾਲੀ… ਸ੍ਰੋਤੇ ਬਿਲਕੁਲ ਹੀ ਨਦਾਰਦ।” ਇਸੇ ਲਈ ਆਖਦੇ ਹਨ ਕਿ ਭੀੜ ਨੇਤਾ ਜੀ ਦਾ ਮਨਭਾਉਂਦਾ ਸ਼ੌਕ ਵੀ ਹੈ ਤੇ ਲੋੜ ਵੀ ਜਿਵੇਂ ਜਿੰਨ ਦੀ ਜਾਨ ਤੋਤੇ ‘ਚ ਹੁੰਦੀ ਹੈ, ਨੇਤਾ ਜੀ ਦੀ ਜਾਨ ਭੀੜ ‘ਚ ਹੁੰਦੀ ਹੈ।
ਡੇਰੇ ‘ਚ ਭੀੜ ਨਾ ਹੋਵੇ ਤਾਂ ਡੇਰਾ ਮਸਾਣ ਸਮਾਨ ਜਾਪਦਾ ਹੈ। ਮਹੰਤ ਜੀ ਦੀ ਗੱਦੀ ਇੰਦਰ ਦੇ ਸਿੰਘਾਸਣ ਵਾਂਗ ਡਗਮਗਾਉਣ ਲੱਗਦੀ ਹੈ। ਪਾਪੀ ਦਿਲ ਦੀ ਧੜਕਣ ਡਾਂਵਾਡੋਲ ਹੋ ਜਾਂਦੀ ਹੈ। ਭੀੜ ਜਮਾਉਣ ਲਈ ਮਹੰਤ ਜੀ ਹੱਥ ‘ਤੇ ਸਰ੍ਹੋਂ ਜਮਾਉਣ ਲੱਗਦੇ ਹਨ। ਡੁਗਡੁਗੀ ਵਜਾਉਣ ਲੱਗਦੇ ਹਨ। ਮਦਾਰੀਆਂ ਵਾਂਗ ਤਮਾਸ਼ਾ ਦਿਖਾਉਣ ਲੱਗਦੇ ਹਨ। ਮਹੰਤ ਜੀ ਜਾਣਦੇ ਹਨ ਕਿ ਤਮਾਸ਼ਾ ਹੀ ਭੀੜ ਇੱਕਠੀ ਕਰ ਸਕਦਾ ਹੈ। ਨਾਚ ਮੇਰੀ ਬੰਦਰੀਆ, ਤੁਝੇ ਪੈਸਾ ਮਿਲੇਗਾ, ਐਇਸਾ ਦਿਲਦਾਰ ਤੁਝੇ ਕੈਸੇ ਮਿਲੇਗਾ। ਬੰਦਰੀਆ ਨੱਚਦੀ ਹੈ ਤਾਂ ਭੀੜ ਇਕੱਠੀ ਹੁੰਦੀ ਹੈ। ਮਦਾਰੀ ਮਹੰਤ ਧੰਨ-ਧੰਨ ਹੋ ਜਾਂਦਾ ਹੈ। ਡੇਰਾ ਮੇਲਾ ਬਣ ਕੇ ਜਗਮਗ-ਜਗਮਗ ਕਰਨ ਲੱਗਦਾ ਹੈ। ਹੁਣ ਡੇਰਿਆਂ ਵਿਚ ਭੀੜ ਦੇ ਮੇਲੇ ਹੀ ਤਾਂ ਲੱਗਦੇ ਹਨ।
ਜੇਬਕਤਰਿਆਂ ਲਈ ਭੀੜ ਰੱਬੋਂ ਘੱਲੀ ਦਾਤ ਹੀ ਤਾਂ ਹੁੰਦੀ ਹੈ। ਭੀੜ ਨਾ ਹੋਵੇ ਤਾਂ ਉਹ ਥਾਂ ਜੇਬਕਤਰੇ ਲਈ ਸੁੰਨ ਮਸਾਣ ਹੁੰਦੀ ਹੈ। ਜੇਬਕਤਰੇ ਦਾ ਸਭ ਤੋਂ ਵੱਡਾ ਇਸ਼ਟ ਮੌਕਾ ਮੇਲ ਹੁੰਦਾ ਹੈ। ਭੀੜ ਬਗ਼ੈਰ ਇਹ ਮੌਕਾ ਇਸ਼ਟ ਭਾਲਿਆਂ ਵੀ ਨਹੀਂ ਲੱਭਦਾ। ਭੀੜ ਭਰੀ ਦੁਕਾਨ ਵਿਚ ਜੇ ਦੁਕਾਨਦਾਰ ਗਾਹਕਾਂ ‘ਚ ਖਲੋਤੇ ਜੇਬਕਤਰੇ ਨੂੰ ਪੁੱਛੇ, ”ਤੁਸੀਂ ਕੀ ਲੈਣੈਂ? ਤੁਹਾਨੂੰ ਕੀ ਚਾਹੀਦੈ?” ਤਾਂ ਉਹ ਝੱਟ ਆਖੇਗਾ, ”ਮੌਕਾ, ਸਹੀ ਮੌਕਾ,” ਭੀੜ ਜੇਬਕਤਰੇ ਨੂੰ ਸੋਹਣਾ ਤੇ ਭਾਰੀ ਭਰਕਮ ਜੇਬ ਵਾਲਾ ਮੌਕਾ ਯਾਨੀ ਚਾਂਸ ਮੁਹੱਈਆ ਕਰਵਾਉਂਦੀ ਹੈ।
ਵਧਦੀ ਆਬਾਦੀ ਨੇ ਮੁਲਕ ਵਿਚ ਭੀੜ ਦੇ ਚਾਂਸ ਵਧਾ ਦਿੱਤੇ ਹਨ। ਜਿੱਧਰ ਨਜ਼ਰ ਮਾਰੋ, ਭੀੜ ਹੀ ਭੀੜ। ਬਾਜ਼ਾਰਾਂ, ਮੈਦਾਨਾਂ, ਸਟੇਸ਼ਨਾਂ, ਹਸਪਤਾਲਾਂ, ਦਫ਼ਤਰਾਂ, ਸਕੂਲਾਂ, ਯੂਨੀਵਰਸਿਟੀਆਂ, ਠੇਕਿਆਂ, ਸਭ ਥਾਂ ਭੀੜਾਂ ਹੀ ਭੀੜਾਂ। ਯੂਨੀਵਰਸਿਟੀਆਂ ‘ਚ ਐਡਮਿਸ਼ਨ ਨਹੀਂ ਮਿਲਦੀ, ਹਸਪਤਾਲਾਂ ‘ਚ ਬੈੱਡ ਨੀ ਮਿਲਦੇ। ਸਰਕਾਰੀ ਹਸਪਤਾਲਾਂ ਦੀ ਤਾਂ ਗੱਲ ਹੀ ਨਾ ਕਰੋ, ਪ੍ਰਾਈਵੇਟ ਤੇ ਮਹਿੰਗੇ ਡਾਕਟਰਾਂ ਕੋਲ ਵੀ ਰਸ਼ ਹੀ ਰਸ਼, ਭੀੜ ਹੀ ਭੀੜ, ਧੱਕੇ ‘ਤੇ ਧੱਕਾ। ਹੋਰ ਤਾਂ ਹੋਰ ਸ਼ਮਸ਼ਾਨਾਂ, ਮਸਾਣਾਂ ਤੇ ਕਬਰਿਸਤਾਨਾਂ ਵਿਚ ਵੀ ਭੀੜ ਹੀ ਭੀੜ, ਮੁਰਦਾ ਦਰ ਮੁਰਦਾ, ਲਾਸ਼ਾਂ ਹੀ ਲਾਸ਼ਾਂ।
ਸਾਡੇ ਮੁਲਕ ਕੋਲ ਖ਼ੂਬਸੂਰਤ ਲੋਕਤੰਤਰ ਹਾਲੇ ਕੁਝ-ਕੁਝ ਬਚਿਆ ਹੋਇਆ ਹੈ। ਹੁਣ ਇਸ ਨੂੰ ਭੀੜ-ਤੰਤਰ ਬਣਨ ‘ਚ ਬਹੁਤੀ ਦੇਰ ਨਹੀਂ ਲੱਗਣੀ। ਉਹ ਦਿਨ ਦੂਰ ਨਹੀਂ ਜਦੋਂ ਭੀੜ-ਤੰਤਰ ਦੇ ਸਿਰ ‘ਤੇ ਲੋਕਤੰਤਰ ਦਾ ਤਾਜ ਸਜੇਗਾ। ਸਭ ਭੀੜ ਵਾਂਗ ਸੋਚਣ ਤੇ ਭੀੜ ਵਾਂਗ ਕਾਰਜ ਕਰਨਗੇ। ਅਜਿਹਾ ਦਿਨ ਦੇਸ਼ ਦਾ ਸਭ ਤੋਂ ਖ਼ਤਰਨਾਕ ਦਿਵਸ ਹੋਵੇਗਾ। ਸਭ ਤੋਂ ਮੰਦਭਾਗਾ ਦਿਹਾੜਾ ਹੋਵੇਗਾ। ਕੋਸ਼ਿਸ਼ ਕਰੀਏ ਕਿ ਲੋਕਤੰਤਰ, ਭੀੜ-ਤੰਤਰ ਨਾ ਬਣੇ। ਲੋਕਤੰਤਰ ਨਿਰੋਲ ਲੋਕਤੰਤਰ ਹੀ ਬਣਿਆ ਰਹੇ। ਭਾਰਤ, ਭਾਰਤ ਹੀ ਬਣਿਆ ਰਹੇ, ਭੀੜ-ਤੰਤਰ ਨਾ ਬਣੇ।
ਆਮੀਨ!
ਸੰਪਰਕ: 94635-37050