ਭੀਵਾਂ ’ਚ ਅਣਪਛਾਤਿਆਂ ਨੇ ਮੋਬਾਈਲਾਂ ਦੀ ਦੁਕਾਨ ਨੂੰ ਅੱਗ ਲਾਈ
ਪੱਤਰ ਪ੍ਰੇਰਕ
ਕਾਲਾਂਵਾਲੀ, 20 ਮਈ
ਪਿੰਡ ਭੀਵਾਂ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਇੱਕ ਮੋਬਾਈਲ ਫੋਨ ਦੀ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਦੇ ਅੰਦਰ ਅਤੇ ਬਾਹਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਜਦੋਂ ਨੇੜਲੇ ਘਰ ਦੇ ਲੋਕਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਨ੍ਹਾਂ ਨੇ ਰੌਲਾ ਪਾਇਆ ਜਿਸ ’ਤੇ ਮੁਲਜ਼ਮ ਉੱਥੋਂ ਭੱਜ ਗਏ। ਭੱਜਦੇ ਸਮੇਂ ਉਨ੍ਹਾਂ ਦੀਆਂ ਚੱਪਲਾਂ ਅਤੇ ਮੋਬਾਈਲ ਫੋਨ ਉੱਥੇ ਹੀ ਰਹਿ ਗਏ ਸਨ। ਇਸ ਸਮੇਂ ਦੌਰਾਨ ਚੋਰੀ ਕਰਨ ਦੀ ਬਜਾਏ ਉਨ੍ਹਾਂ ਨੇ ਦੁਕਾਨ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਪਰ ਸਮੇਂ-ਸਿਰ ਪਤਾ ਲੱਗ ਜਾਣ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਦੁਕਾਨ ਵਿੱਚ ਮੋਬਾਈਲ ਫੋਨ, ਹੋਰ ਸਾਮਾਨ ਅਤੇ ਪੈਟਰੋਲ ਪਿਆ ਸੀ। ਜੇਕਰ ਉਸ ਨੂੰ ਵੀ ਅੱਗ ਲੱਗ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਸੂਚਨਾ ਮਿਲਦੇ ਹੀ ਦੁਕਾਨਦਾਰ ਜਗਤਾਰ ਸਿੰਘ ਮੌਕੇ ’ਤੇ ਪਹੁੰਚਿਆ ਅਤੇ 112 ਨੰਬਰ ’ਤੇ ਸੂਚਨਾ ਦਿੱਤੀ। ਦੁਕਾਨ ਦੇ ਅੰਦਰ ਅਤੇ ਬਾਹਰ ਲੱਗੀ ਅੱਗ ’ਤੇ ਸਮੇਂ-ਸਿਰ ਕਾਬੂ ਪਾ ਲਿਆ ਗਿਆ, ਜਿਸ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਗਤਾਰ ਸਿੰਘ ਨੇ ਰੋੜੀ ਥਾਣੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਮੌਕੇ ’ਤੇ ਮਿਲੇ ਮੋਬਾਈਲ ਫੋਨ ਅਤੇ ਸਿਮ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਅੱਗੇ ਕਿਸਨੇ ਅਤੇ ਕਿਸ ਇਰਾਦੇ ਨਾਲ ਲਾਈ ਸੀ। ਪੁਲੀਸ ਜਾਂਚ ਵਿੱਚ ਜੁਟੀ ਹੋਈ ਹੈ। ਪੁਲੀਸ ਦੇ ਨਾਲ-ਨਾਲ ਫਿੰਗਰ ਪ੍ਰਿੰਟ ਜਾਂਚ ਟੀਮ ਨੇ ਵੀ ਜਾਂਚ ਕੀਤੀ।