ਭਾਰਤ ਵੱਲੋਂ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ 442 ਟਨ ਅਨਾਜ ਦੀ ਸਹਾਇਤਾ
ਮੰਡਾਲੇਅ (ਮਿਆਂਮਾਰ), 5 ਅਪਰੈਲ
ਭਾਰਤ ਵੱਲੋਂ ਆਪਣੇ ਅਪਰੇਸ਼ਨ ਬ੍ਰਹਮਾ ਤਹਿਤ ਅੱਜ ਭੂਚਾਲ ਪ੍ਰਭਾਵਿਤ ਮਿਆਂਮਾਰ ਦੇ ਦੱਖਣੀ ਤੱਟੀ ਖੇਤਰ ਵਿੱਚ ਥਿਲਾਵਾ ਬੰਦਰਗਾਹ ’ਤੇ ਯਾਂਗੋਨ ਖੇਤਰ ਦੇ ਮੁੱਖ ਮੰਤਰੀ ਨੂੰ ਖੁਰਾਕ ਸਹਾਇਤਾ ਦੀ ਵੱਡੀ ਖੇਪ ਦਿੱਤੀ ਗਈ ਹੈ। ਮਿਆਂਮਾਰ ਵਿੱਚ 28 ਮਾਰਚ ਨੂੰ 7.7 ਤੀਬਰਤਾ ਦਾ ਖ਼ਤਰਨਾਕ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਇੱਥੇ ਨੇੜੇ ਹੀ ਸੀ। ਇਸ ਭੂਚਾਲ ਵਿੱਚ 3100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਭਾਰਤ ਨੇ ਤਬਾਹਕੁਨ ਭੂਚਾਲ ਤੋਂ ਬਾਅਦ ਭਾਲ ਤੇ ਬਚਾਅ (ਐੱਸਏਆਰ), ਮਨੁੱਖੀ ਸਹਾਇਤੀ, ਆਫ਼ਤ ਰਾਹਤ ਅਤੇ ਮੈਡੀਕਲ ਸਹਾਇਤਾ ਸਣੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਅਪਰੇਸ਼ਨ ਬ੍ਰਹਮਾ ਸ਼ੁਰੂ ਕੀਤਾ ਸੀ। ਭਾਰਤ ਨੇ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਮਿਆਂਮਾਰ ਨੂੰ ਮਨੁੱਖੀ ਸਹਾਇਤਾ ਤੇ ਆਫ਼ਤ ਰਾਹਤ (ਐੱਚਡੀਆਰ) ਸਮੱਗਰੀ ਦੀ ਪਹਿਲੀ ਖੇਪ ਪਹੁੰਚਾ ਦਿੱਤੀ ਸੀ। ਭਾਰਤ ਨੇ ਅੱਜ ਸਮੁੰਦਰੀ ਬੇੜੇ ਰਾਹੀਂ 442 ਟਨ ਅਨਾਜ ਮਿਆਂਮਾਰ ਦੇ ਥਿਲਾਵਾ ਬੰਦਰਗਾਹ ’ਤੇ ਪਹੁੰਚਾ ਦਿੱਤਾ। ਯਾਂਗੋਨ ਵਿੱਚ ਭਾਰਤੀ ਦੂਤਾਵਾਸ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਰਾਹੀਂ ਕਿਹਾ, ‘‘ਭੂਚਾਲ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਾਰਤੀ ਜਲ ਸੈਨਾ ਦਾ ਇਕ ਸਮੁੰਦਰੀ ਬੇੜਾ ਆਈਐੱਨਐੱਸ ਘੜਿਆਲ 442 ਟਨ ਅਨਾਜ ਲੈ ਕੇ ਅੱਜ ਥਿਲਾਵਾ ਬੰਦਰਗਾਹ ’ਤੇ ਪੁੱਜਿਆ ਅਤੇ ਯਾਂਗੋਨ ਦੇ ਮੁੱਖ ਮੰਤਰੀ ਦੇ ਸਪੁਰਦ ਕੀਤਾ। ਇਸ ਖੇਪ ਵਿੱਚ ਚੌਲ, ਖੁਰਾਕੀ ਤੇਲ, ਨੂਡਲਜ਼ ਅਤੇ ਬਿਸਕੁਟ ਸਨ।’’ ਇਸ 442 ਟਨ ਖੁਰਾਕ ਸਮੱਗਰੀ ਵਿੱਚ 405 ਟਨ ਚੌਲ, 30 ਟਨ ਖੁਰਾਕੀ ਤੇਲ, ਪੰਜ ਟਨ ਬਿਸਕੁਟ ਅਤੇ ਦੋ ਟਨ ਫੌਰੀ ਤਿਆਰ ਹੋਣ ਵਾਲੇ ਨੂਡਲਜ਼ ਸ਼ਾਮਲ ਹਨ। -ਪੀਟੀਆਈ
ਸਹਾਇਤਾ ਲਈ ਫੌਜ ਭੇਜੇਗਾ ਸ੍ਰੀਲੰਕਾ
ਕੋਲੰਬੋ: ਸ੍ਰੀਲੰਕਾ ਵੱਲੋਂ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ 10 ਲੱਖ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਏ ਜਾਣ ਤੋਂ ਇਲਾਵਾ ਬਚਾਅ, ਰਾਹਤ ਅਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ ਉੱਥੇ ਆਪਣੀਆਂ ਤਿੰਨੋਂ ਸੈਨਾਵਾਂ ਦੀਆਂ ਟੀਮਾਂ ਭੇਜੀਆਂ ਜਾਣਗੀਆਂ। ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਬੁੱਧ ਧਰਮ ਦੇ ਤਿੰਨ ਆਗੂਆਂ ਨੇ ਵੀ ਰਾਹਤ ਸਹਾਇਤਾ ਦਾ ਪ੍ਰਬੰਧ ਕੀਤਾ ਹੈ। ਬੁੱਧ ਧਰਮ ਦੇ ਪ੍ਰਮੁੱਖ ਤੀਰਥ ਅਸਥਾਨ ‘ਦਿ ਟੈਂਪਲ ਆਫ਼ ਦਿ ਟੁੱਥ’ ਨੇ ਕਿਹਾ ਕਿ ਉਹ ਮਿਆਂਮਾਰ ਵਾਸਤੇ ਵੱਖਰੇ ਤੌਰ ’ਤੇ ਡੇਢ ਕਰੋੜ ਰੁਪਏ ਇਕੱਤਰ ਕਰ ਰਿਹਾ ਹੈ। -ਪੀਟੀਆਈ