ਭਾਰਤ ਵੱਲੋਂ ਟੀਆਰਐੱਫ ’ਤੇ ਪਾਬੰਦੀ ਲਗਵਾਉਣ ਦੇ ਯਤਨ ਤੇਜ਼
ਸੰਯੁਕਤ ਰਾਸ਼ਟਰ, 15 ਮਈ
ਭਾਰਤ ਨੇ ਪਹਿਲਗਾਮ ਹਮਲੇ ’ਚ ਸ਼ਮੂਲੀਅਤ ਲਈ ਲਸ਼ਕਰ-ਏ-ਤਇਬਾ ਨਾਲ ਜੁੜੀ ਜਥੇਬੰਦੀ ‘ਦਿ ਰਜ਼ਿਸਟੈਂਸ ਫਰੰਟ’ (ਟੀਆਰਐੱਫ) ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਦੀ ਸੂਚੀ ’ਚ ਸ਼ਾਮਲ ਕਰਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਭਾਰਤ ਦੇ ਇਕ ਵਫ਼ਦ ਨੇ ਇਥੇ ਸੰਯੁਕਤ ਰਾਸ਼ਟਰ ਅਤਿਵਾਦ ਵਿਰੋਧੀ ਦਫ਼ਤਰ ਅਤੇ ਅਤਿਵਾਦ ਵਿਰੋਧੀ ਕਮੇਟੀ ਦੇ ਕਾਰਜਕਾਰੀ ਡਾਇਰੈਕਟੋਰੇਟ ਦੇ ਸਿਖਰਲੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਟੀਆਰਐੱਫ ਨੇ ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ’ਚ 26 ਵਿਅਕਤੀ ਮਾਰੇ ਗਏ ਸਨ। ਸੂਤਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਨਿਊਯਾਰਕ ’ਚ ਮੌਜੂਦ ਭਾਰਤੀ ਤਕਨੀਕੀ ਟੀਮ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ’ਚ ‘1267 ਪਾਬੰਦੀ ਕਮੇਟੀ’ ਦੀ ਨਿਗਰਾਨੀ ਟੀਮ ਅਤੇ ਹੋਰ ਭਾਈਵਾਲ ਮੁਲਕਾਂ ਨਾਲ ਵੀ ਗੱਲਬਾਤ ਕੀਤੀ। ਭਾਰਤੀ ਵਫ਼ਦ ਨੇ ਸੰਯੁਕਤ ਰਾਸ਼ਟਰ ਦੇ ਅਤਿਵਾਦ ਵਿਰੋਧੀ ਦਫ਼ਤਰ ਦੇ ਅਧੀਨ ਸਕੱਤਰ ਜਨਰਲ ਵਲਾਦੀਮੀਰ ਵੋਰੋਨਕੋਵ ਅਤੇ ਅਤਿਵਾਦ ਵਿਰੋਧੀ ਕਮੇਟੀ ਕਾਰਜਕਾਰੀ ਡਾਇਰੈਕਟੋਰੇਟ ਦੀ ਸਹਾਇਕ ਸਹਾਇਕ ਸਕੱਤਰ ਜਨਰਲ ਨਤਾਲੀਆ ਗੇਰਮਨ ਨਾਲ ਮੁਲਾਕਾਤ ਕੀਤੀ। ਸੰਯੁਕਤ ਰਾਸ਼ਟਰ ’ਚ ਭਾਰਤ ਦਾ ਇਹ ਕਦਮ ਸਲਾਮਤੀ ਕੌਂਸਲ ਵੱਲੋਂ ਇਕ ਬਿਆਨ ਜਾਰੀ ਕਰਨ ਮਗਰੋਂ ਆਇਆ ਹੈ ਜਿਸ ’ਚ ਮੈਂਬਰ ਮੁਲਕਾਂ ਨੇ ਪਹਿਲਗਾਮ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਸੀ ਪਰ ਹਮਲੇ ਲਈ ਜ਼ਿੰਮੇਵਾਰ ਧੜੇ ਵਜੋਂ ਟੀਆਰਐੱਫ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ। ਪਾਕਿਸਤਾਨ ਮੌਜੂਦਾ ਸਮੇਂ ’ਚ ਸਲਾਮਤੀ ਕੌਂਸਲ ਦਾ ਆਰਜ਼ੀ ਮੈਂਬਰ ਹੈ ਅਤੇ ਜੁਲਾਈ ’ਚ 15 ਮੁਲਕਾਂ ਵਾਲੀ ਇਸ ਤਾਕਤਵਰ ਸੰਸਥਾ ਦੀ ਉਹ ਅਗਵਾਈ ਕਰੇਗਾ। ਪਾਕਿਸਤਾਨ ਦੀਆਂ ਕਈ ਅਤਿਵਾਦੀ ਜਥੇਬੰਦੀਆਂ ਅਤੇ ਵਿਅਕਤੀ ‘1267 ਅਲ-ਕਾਇਦਾ ਪਾਬੰਦੀ ਕਮੇਟੀ’ ਤਹਿਤ ਸੂਚੀਬੰਦ ਹਨ। -ਪੀਟੀਆਈ