ਭਾਰਤ ਵੱਲੋਂ ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਖਾਰਜ
ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਜੰਗੀ ਝੜਪਾਂ ਦੌਰਾਨ ਭਾਰਤੀ ਤੇ ਅਮਰੀਕੀ ਆਗੂਆਂ ਵਿਚਾਲੇ ਗੱਲਬਾਤ ’ਚ ਵਪਾਰ ਦਾ ਮੁੱਦਾ ਬਿਲਕੁਲ ਵੀ ਨਹੀਂ ਉਠਾਇਆ ਗਿਆ ਸੀ। ਭਾਰਤ ਨੇ ਵਾਸ਼ਿੰਗਟਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਸ ਦੀ ਵਪਾਰ ਤਜਵੀਜ਼ ਨਾਲ ਟਕਰਾਅ ਰੁਕ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਹਫ਼ਤਾਵਾਰੀ ਮੀਡੀਆ ਕਾਨਫਰੰਸ ਦੌਰਾਨ ਟਰੰਪ ਪ੍ਰਸ਼ਾਸਨ ਵੱਲੋਂ ਨਿਊਯਾਰਕ ਦੀ ਅਦਾਲਤ ’ਚ ਕੀਤੇ ਦਾਅਵੇ ਸਬੰਧੀ ਸਵਾਲ ਦੇ ਜਵਾਬ ’ਚ ਕਿਹਾ, ‘ਇਨ੍ਹਾਂ ’ਚੋਂ ਕਿਸੇ ਵੀ ਚਰਚਾ ’ਚ ਵਪਾਰ ਤੇ ਟੈਰਿਫ ਦਾ ਮੁੱਦਾ ਨਹੀਂ ਉੱਠਿਆ।’ ਉਨ੍ਹਾਂ ਕਿਹਾ, ‘ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਗੋਲੀਬਾਰੀ ਬੰਦ ਕਰਨ ਦਾ ਫ਼ੈਸਲਾ ਭਾਰਤ ਤੇ ਪਾਕਿਸਤਾਨ ਦੇ ਡੀਜੀਐੱਮਓ ਵਿਚਾਲੇ ਸਿੱਧੀ ਗੱਲਬਾਤ ਦੌਰਾਨ ਲਿਆ ਗਿਆ ਸੀ।’ ਇਸੇ ਦੌਰਾਨ ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਜਦੋਂ ਤੱਕ ਸਰਹੱਦ ਪਾਰੋਂ ਅਤਿਵਾਦ ਬੰਦ ਨਹੀਂ ਹੋ ਜਾਂਦਾ, ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਰਤ ਲਾਪਤਾ ਹੋਏ ਤਿੰਨ ਭਾਰਤੀ ਨਾਗਰਿਕਾਂ ਦੇ ਸਬੰਧ ’ਚ ਇਰਾਨ ਦੇ ਸੰਪਰਕ ਵਿੱਚ ਹੈ। -ਪੀਟੀਆਈ