ਭਾਰਤ ਵਿੱਚ ਤੇਜ਼ੀ ਨਾਲ ਵਧਣ ਲੱਗੇ ਕਰੋਨਾ ਮਾਮਲੇ
ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ/ਠਾਣੇ, 24 ਮਈ
ਦੇਸ਼ ਵਿੱਚ ਕਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। ਦਿੱਲੀ-ਐੱਨਸੀਆਰ ’ਚ ਕਰੋਨਾ ਦੇ 27 ਅਤੇ ਮਹਾਰਾਸ਼ਟਰ ਦੇ ਠਾਣੇ ’ਚ 10 ਕੇਸ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੂੰ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਦਿੱਲੀ ਵਿੱਚ 23, ਫਰੀਦਾਬਾਦ ’ਚ ਦੋ ਤੇ ਨੋਇਡਾ ਵਿੱਚ 1 ਕੇਸ ਸਾਹਮਣੇ ਆਇਆ ਹੈ। ਫਰੀਦਾਬਾਦ ਜ਼ਿਲ੍ਹੇ ’ਚ ਦਿੱਲੀ ਨਾਲ ਲਗਦੇ ਲੱਕੜਪੁਰ ਦਿਆਲਬਾਗ ’ਚ 25 ਸਾਲਾ ਨੌਜਵਾਨ ਤੇ ਸਾਈਬਰ ਸਿਟੀ ਗੁਰੂਗ੍ਰਾਮ ’ਚ 33 ਸਾਲਾ ਵਿਅਕਤੀ ਦੇ ਕਰੋਨਾ ਦੀ ਪੁਸ਼ਟੀ ਹੋਈ ਹੈ। ਵਜ਼ੀਰਾਬਾਦ ’ਚ 45 ਵਿਅਕਤੀ ਕਰੋਨਾ ਪਾਜ਼ੇਟਿਵ ਆਇਆ ਹੈ। ਨੋਇਡਾ ਵਿੱਚ 55 ਸਾਲਾ ਔਰਤ ਦੇ ਕੋਵਿਡ-19 ਪਾਜ਼ੇਟਿਵ ਆਉਣ ਮਗਰੋਂ ਉਸ ਨੂੰ ਘਰ ਵਿੱਚ ਇਕਾਂਤਵਾਸ ’ਚ ਰੱਖਿਆ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਨਿੱਜੀ ਪ੍ਰਯੋਗਸ਼ਾਲਾਵਾਂ ਨੇ 22 ਮਈ ਤੱਕ 23 ਕੋਵਿਡ-19 ਕੇਸਾਂ ਦਾ ਪਤਾ ਲਗਾਇਆ ਹੈ। ਸਰਕਾਰ ਇਹ ਪਤਾ ਲਗਾਉਣ ਲਈ ਤੁਰੰਤ ਜਾਂਚ ਕਰ ਰਹੀ ਹੈ ਕਿ ਕੀ ਇਹ ਮਾਮਲੇ ਸ਼ਹਿਰ ਦੇ ਬਾਹਰੋਂ ਵਸਨੀਕਾਂ ਜਾਂ ਯਾਤਰੀਆਂ ਨਾਲ ਸਬੰਧਤ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਦਿੱਲੀ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੰਤਰੀ ਨੇ ਕਿਹਾ ਕਿ ਸਾਰੇ 23 ਮਰੀਜ਼ਾਂ ਦੀ ਹਾਲਤ ਸਥਿਰ ਹੈ। ਸਿਹਤ ਵਿਭਾਗ ਨੇ ਸਾਰੇ ਹਸਪਤਾਲਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਤਿੰਨ ਦਿਨਾਂ ਅੰਦਰ ਕੋਵਿਡ-19 ਦੇ 10 ਮਾਮਲੇ ਸਾਹਮਣੇ ਆਏ ਹਨ, ਜਿਸ ਮਗਰੋਂ ਹਸਪਤਾਲਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।