ਭਾਰਤ-ਪਾਕਿ ਸਰਹੱਦ ’ਤੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਘੁਸਪੈਠੀਏ ਕਾਬੂ
04:43 AM May 22, 2025 IST
ਅਜਨਾਲਾ/ ਪਠਾਨਕੋਟ (ਸੁਖਦੇਵ ਸਿੰਘ ਅਜਨਾਲਾ, ਐੱਨਪੀ ਧਵਨ): ਅੰਤਰਰਾਸ਼ਟਰੀ ਸਰਹੱਦ ਤੋਂ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਭਾਰਤੀ ਖੇਤਰ ਅੰਦਰ ਦਾਖ਼ਲ ਹੋਣ ’ਤੇ ਗ੍ਰਿਫ਼ਤਾਰ ਕੀਤਾ ਹੈ। ਅਜਨਾਲਾ ਦੇ ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਵਿਅਕਤੀ ਦੀ ਪਛਾਣ ਸਿਕੰਦਰ (65 ਸਾਲ) ਵਾਸੀ ਫੈਸਲਾਬਾਦ (ਪਾਕਿਸਤਾਨ) ਵਜੋਂ ਹੋਈ ਹੈ। ਉਸ ਕੋਲੋਂ ਪਾਕਿਸਤਾਨੀ ਕਰੰਸੀ ਦੇ 330 ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਭਾਰਤੀ ਫ਼ੌਜ ਨੇ ਪਠਾਨਕੋਟ ਨੇੜੇ ਭਾਰਤ-ਪਾਕਿਸਤਾਨ ਸਰਹੱਦ ਕੋਲ ਘੁੰਮਦਾ ਇੱਕ ਵਿਅਕਤੀ ਕਾਬੂ ਕਰਕੇ ਪੁਲੀਸ ਨੂੰ ਸੌਂਪ ਦਿੱਤਾ ਹੈ। ਥਾਣਾ ਨਰੋਟ ਜੈਮਲ ਸਿੰਘ ਪੁਲੀਸ ਉਸ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਮਸ਼ਕੂਕ ਦੀ ਪਛਾਣ ਸੈਦੁਲ ਅਲੀ (42) ਪੁੱਤਰ ਉਨਾਰ ਅਲੀ ਵਾਸੀ ਰੁਦਰਪੁਰਾ ਹੜੱਪਾ, ਬੰਗਲਾਦੇਸ਼ ਵਜੋਂ ਹੋਈ ਹੈ। ਉਸ ਕੋਲੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
Advertisement
Advertisement