ਭਾਰਤ-ਪਾਕਿ ਤਣਾਅ ਕਾਰਨ ਆਈਪੀਐੱਲ ਹਫ਼ਤੇ ਲਈ ਮੁਲਤਵੀ
ਨਵੀਂ ਦਿੱਲੀ, 9 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਅੱਜ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕਿਹਾ ਕਿ ਜਦੋਂ ਦੇਸ਼ ਅਤਿਵਾਦੀ ਅਤੇ ਸਰਹੱਦ ਪਾਰਲੇ ਹਮਲਿਆਂ ਦਾ ਜਵਾਬ ਦੇ ਰਿਹਾ ਹੈ ਤਾਂ ਰਾਸ਼ਟਰੀ ਹਿੱਤ ਸਭ ਤੋਂ ਅਹਿਮ ਹੋ ਜਾਂਦੇ ਹਨ। ਜੰਮੂ ਅਤੇ ਪਠਾਨਕੋਟ ਵਿੱਚ ਹਵਾਈ ਹਮਲਿਆਂ ਦੀ ਚਿਤਾਵਨੀ ਤੋਂ ਬਾਅਦ ਬੀਤੀ ਰਾਤ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਹੋ ਰਿਹਾ ਮੈਚ ਅੱਧ ਵਿਚਾਲੇ ਰੱਦ ਕਰਨ ਮਗਰੋਂ ਆਈਪੀਐੱਲ ਦੇ ਭਵਿੱਖ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸਨ। ਇਸ ਬਾਰੇ ਸਪੱਸ਼ਟ ਕਰਦਿਆਂ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, ‘ਬੀਸੀਸੀਆਈ ਨੇ ਆਈਪੀਐੱਲ ਦੇ ਬਾਕੀ ਮੈਚ ਤੁਰੰਤ ਪ੍ਰਭਾਵ ਨਾਲ ਇੱਕ ਹਫ਼ਤੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।’ ਪਹਿਲਾਂ ਆਈਪੀਐੱਲ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦੀ ਖ਼ਬਰ ਆਈ ਸੀ।
ਬਿਆਨ ਅਨੁਸਾਰ, ‘ਨਵੇਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਬੰਧਤ ਅਧਿਕਾਰੀਆਂ ਅਤੇ ਹਿੱਸੇਦਾਰਾਂ ਨਾਲ ਮੀਟਿੰਗ ਮਗਰੋਂ ਦਿੱਤੀ ਜਾਵੇਗੀ।’ ਇਹ ਲੀਗ 25 ਮਈ ਨੂੰ ਕੋਲਕਾਤਾ ਵਿੱਚ ਸਮਾਪਤ ਹੋਣੀ ਸੀ। ਬੋਰਡ ਨੇ ਬਿਆਨ ਵਿੱਚ ਕਿਹਾ, ‘ਬੀਸੀਸੀਆਈ ਇਸ ਨਾਜ਼ੁਕ ਮੋੜ ’ਤੇ ਦੇਸ਼ ਨਾਲ ਖੜ੍ਹਾ ਹੈ। ਅਸੀਂ ਭਾਰਤ ਸਰਕਾਰ, ਹਥਿਆਰਬੰਦ ਬਲਾਂ ਅਤੇ ਦੇਸ਼ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦੇ ਹਾਂ।’
ਅੱਜ ਰੌਇਲ ਚੈਲੈਂਜਰਜ਼ ਬੰਗਲੂਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੈਚ ਖੇਡਿਆ ਜਾਣਾ ਸੀ, ਜੋ ਬੀਸੀਸੀਆਈ ਦੇ ਹੁਕਮਾਂ ਤਹਿਤ ਮੁਲਤਵੀ ਕਰ ਦਿੱਤਾ ਗਿਆ ਹੈ। ਲੀਗ ਮੁਲਤਵੀ ਹੋਣ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਲਿਖਿਆ, ‘ਦੇਸ਼ ਸਭ ਤੋਂ ਪਹਿਲਾਂ ਹੈ।’ ਉਧਰ ਇਸ ਤੋਂ ਪਹਿਲਾਂ ਲਾਹੌਰ ਅਤੇ ਰਾਵਲਪਿੰਡੀ ਸਮੇਤ ਹੋਰ ਸ਼ਹਿਰਾਂ ਵਿੱਚ ਭਾਰਤੀ ਡਰੋਨ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਨੂੰ ਵੀ ਦੁਬਈ ਵਿੱਚ ਤਬਦੀਲ ਕਰ ਦਿੱਤਾ ਹੈ। -ਪੀਟੀਆਈ