ਭਾਰਤ-ਪਾਕਿ ਜੰਗਾਂ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਮਿਲਟਰੀ ਲਿਟਰੇਚਰ ਫੈਸਟੀਵਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਨਵੰਬਰ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ 7ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼ 2 ਦਸੰਬਰ ਤੋਂ ਹੋਵੇਗਾ। ਇਹ ਦੋ ਰੋਜ਼ਾ ਫੈਸਟੀਵਲ ਸੁਖਨਾ ਝੀਲ ’ਤੇ ਸਥਿਤ ਲੇਕ ਸਪੋਰਟਸ ਕੰਪਲੈਕਸ ਵਿੱਚ ਕਰਵਾਇਆ ਜਾਵੇਗਾ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀਐੱਸ ਸ਼ੇਰਗਿੱਲ ਨੇ ਕਿਹਾ ਕਿ 7ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਸਾਲ 1947-48 ’ਚ ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਵਿੱਚ ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਵਿਚਾਲੇ ਚੱਲ ਰਹੀ ਜੰਗ ’ਤੇ ਵਿਚਾਰ-ਚਰਚਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਭਾਰਤੀ ਫੌਜ ਦੀ ਬੇਮਿਸਾਲ ਗਤੀਵਿਧੀਆਂ ’ਤੇ ਆਧਾਰਿਤ ਵੱਖ-ਵੱਖ ਪੈਨਲ ਚਰਚਾ ਕਰਵਾਈ ਜਾਵੇਗੀ, ਜਿਸ ਵਿੱਚ ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀ ਆਪੋ-ਆਪਣੇ ਵਿਚਾਰ ਸਾਂਝੇ ਕਰਨਗੇ। ਸ੍ਰੀ ਸ਼ੇਰਗਿੱਲ ਨੇ ਕਿਹਾ ਕਿ 2 ਦਸੰਬਰ ਨੂੰ ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਬਾਰੇ ਲੈਫਟੀਨੈਂਟ ਜਨਰਲ ਪ੍ਰਕਾਸ਼ ਮੈਨਨ ਤੇ ਬ੍ਰਿਗੇਡੀਅਰ ਦੀਪਕ ਚੌਬੇ ਵਿਚਾਰ-ਚਰਚਾ ਕਰਨਗੇ ਜਦਕਿ ਮੇਜਰ ਜਨਰਲ ਹਰਵਿਜੈ ਸਿੰਘ ਮੌਡਰੇਟਰ ਹੋਣਗੇ। ਇਸੇ ਤਰ੍ਹਾਂ ਚੀਨ ਵੱਲੋਂ 1995 ਵਿੱਚ ਆਪਣਾ ਫੌਜੀ ਆਧੁਨਿਕੀਕਰਨ ਕਰਨ ਤੋਂ ਬਾਅਦ ਚੀਨ ਦੇ ਹਾਲਾਤ ਅਤੇ ਭਾਰਤ ਦੇ ਫੌਜੀ ਹਥਿਆਰਾਂ ਤੇ ਤਕਨੀਕ ਦੇ ਹਾਲਾਤ ਬਾਰੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਕਰਨਲ ਟੀਬੀਐੱਸ ਹੁੰਦਲ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਗੇ। ਇਸੇ ਦਿਨ ਕਰਨਲ ਜਸਜੀਤ ਸਿੰਘ ਗਿੱਲ ਤੇ ਡਾ. ਤਜਿੰਦਰ ਸਿੰਘ ਵੱਲੋਂ ਪੰਜਾਬ ਦੀ ਮਾਰਸ਼ਲ ਕਵਿਤਾ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਤਿੰਨ ਦਸੰਬਰ ਨੂੰ ਲਾਹੌਰ ਦਰਬਾਰ ਤੇ ਇਸ ਦਾ ਭਾਰਤ ਨੂੰ ਉੱਤਰ ਪੱਛਮੀ ਸਰਹੱਦ, ਕਸ਼ਮੀਰ, ਬਾਲਟਿਸਤਾਨ ਤੇ ਲੱਦਾਖ ਦਾ ਤੋਹਫ਼ਾ, ਇਜ਼ਰਾਈਲ-ਹਮਾਸ ਜੰਗ, ਲੱਦਾਖ ਲਈ ਗੇਟਵੇਅ ਖੋਲ੍ਹਣਾ ਤੇ 1948 ਵਿੱਚ ਜ਼ੋਜਿਲਾ ਵਿੱਚ ਜਿੱਤ ਬਾਰੇ ਵਿਚਾਰ-ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਾਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਵੇਗਾ। ਜਦੋਂ ਕਿ ਫੈਸਟੀਵਲ ਦੇ ਸਮਾਪਤੀ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸ਼ਿਰਕਤ ਕਰਨਗੇ।
ਟੀਐੱਸ ਸ਼ੇਰਗਿੱਲ ਨੇ ਕਿਹਾ ਕਿ ਦੋ ਦਿਨਾਂ ਫੈਸਟੀਵਲ ਵਿੱਚ ਥੀਏਟਰ ਸ਼ੋਅ ਵੀ ਦਿਖਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤੀ ਫੌਜ, ਵੱਖ-ਵੱਖ ਦੇਸ਼ਾਂ ਦੀਆਂ ਜੰਗਾਂ ਅਤੇ ਦੇਸ਼ ਲਈ ਸ਼ਹਾਦਤ ਦੇਣ ਵਾਲੇ ਯੋਧਿਆਂ ’ਤੇ ਆਧਾਰਿਤ ਫਿਲਮਾਂ ਦਿਖਾਈਆਂ ਜਾਣਗੀਆਂ। ਇਸ ਤੋਂ ਇਲਾਵਾ ਫੈਸਟੀਵਲ ’ਚ ਮਾਰਸ਼ਲ ਡਾਂਸ ਮਿਲਟਰੀ ਸਟੈਂਪਾਂ ਤੇ ਫੌਜ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।