For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਲਾਇਆ ਜਿੱਤ ਦਾ ਚੌਕਾ; ਕੋਹਲੀ ਦਾ ਸੈਂਕੜਾ

07:43 AM Oct 20, 2023 IST
ਭਾਰਤ ਨੇ ਲਾਇਆ ਜਿੱਤ ਦਾ ਚੌਕਾ  ਕੋਹਲੀ ਦਾ ਸੈਂਕੜਾ
ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਸਾਥੀ ਖਿਡਾਰੀਆਂ ਨਾਲ ਬੰਗਲਾਦੇਸ਼ ਖ਼ਿਲਾਫ਼ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਪੁਣੇ, 19 ਅਕਤੂਬਰ
ਵਿਰਾਟ ਕੋਹਲੀ (103 ਦੌੜਾਂ) ਦੇ ਨਾਬਾਦ ਸੈਂਕੜੇ ਤੇ ਸ਼ੁਭਮਨ ਗਿੱਲ ਦੇ ਨੀਮ ਸੈਂਕੜੇ ਸਦਕਾ ਭਾਰਤ ਨੇ ਅੱਜ ਇੱਥੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਉਂਦਿਆਂ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਜਿੱਤ ਲਈ 257 ਦੌੜਾਂ ਦਾ ਟੀਚਾ 41.3 ਓਵਰਾਂ ਵਿੱਚ 51 ਗੇਂਦਾਂ ਬਾਕੀ ਰਹਿੰਦਿਆਂ ਹੀ ਸਰ ਕਰ ਲਿਆ। ਇੱਕ ਦਿਨਾਂ ਮੈਚਾਂ ’ਚ ਵਿਰਾਟ ਕੋਹਲੀ ਦਾ ਇਹ 48ਵਾਂ ਸੈਂਕੜਾ ਹੈ। ਕੋਹਲੀ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਜਿੱਤ ਲਈ ਟੀਚੇ ਦਾ ਪਿੱਛੇ ਕਰਦਿਆਂ ਸਲਾਮੀ ਬੱਲੇਬਾਜ਼ ਕਪਤਾਨ ਰੋਹਿਤ ਸ਼ਰਮਾ (48 ਦੌੜਾਂ) ਤੇ ਸ਼ੁਭਮਨ ਗਿੱਲ (53 ਦੌੜਾਂ) ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਹਾਲਾਂਕਿ ਰੋਹਿਤ ਨੀਮ ਸੈਂਕੜਾ ਬਣਾਉਣ ਤੋਂ ਖੁੰਝ ਗਿਆ।
ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 84 ਦੌੜਾਂ ਜੋੜੀਆਂ। ਤੀਜੇ ਨੰਬਰ ’ਤੇ ਖੇਡਣ ਆਏ ਵਿਰਾਟ ਕੋਹਲੀ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਸੈਂਕੜੇ ਵਾਲੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਕੇ.ਐੱਲ. ਰਾਹੁਲ ਨੇ ਨਾਬਾਦ 34 ਦੌੜਾਂ ਬਣਾਈਆਂ। ਬੰਗਲਦੇਸ਼ ਵੱਲੋਂ ਮੇਹਦੀ ਹਸਨ ਮਿਰਾਜ ਨੇ ਦੋ ਵਿਕਟਾਂ ਲਈਆਂ ਜਦਕਿ ਹਸਨ ਮਹਿਮੂਦ ਨੂੰ ਇੱਕ ਵਿਕਟ ਮਿਲੀ।
ਬੰਗਲਾਦੇਸ਼ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲਬਾਜ਼ੀ ਕਰਦਿਆਂ 50 ਓਵਰਾਂ ’ਚ 8 ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਤਨਜ਼ੀਦ ਹਸਨ (51 ਦੌੜਾਂ) ਅਤੇ ਲਿਟਨ ਦਾਸ (66 ਦੌੜਾਂ) ਨੇ ਨੀਮ ਸੈਂਕੜੇ ਜੜਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇੱਕ ਸਮੇਂ ਬੰਗਲਾਦੇਸ਼ ਬਿਨਾ ਕੋਈ ਵਿਕਟ 14.4 ਓਵਰਾਂ ’ਚ 93 ਦੌੜਾਂ ਬਣਾ ਕੇ ਵੱਡਾ ਸਕੋਰ ਬਣਾਉਣ ਵੱਲ ਵਧ ਰਿਹਾ ਸੀ ਪਰ ਕੁਲਦੀਪ ਯਾਦਵ ਨੇ ਤਨਜ਼ੀਦ ਨੂੰ ਆਊਟ ਕਰਕੇ ਜੋੜੀ ਨੂੰ ਤੋੜ ਦਿੱਤਾ ਅਤੇ 139 ਦੌੜਾਂ ਤੱਕ ਟੀਮ ਨੇ ਚਾਰ ਵਿਕਟਾਂ ਗੁਆ ਦਿੱਤੀਆਂ। ਇਸ ਮਗਰੋਂ ਵਿਕਟਕੀਪਰ ਬੱਲਬਾਜ਼ ਮੁਸ਼ਫਿਕੁਰ ਰਹੀਮ ਨੇ 38 ਦੌੜਾਂ ਅਤੇ ਮਹਿਮੂਦਉੱਲ੍ਹਾ ਨੇ 46 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 256 ਦੌੜਾਂ ਤੱਕ ਪਹੁੰਚਾਇਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ। -ਏਜੰਸੀ

ਹਾਰਦਿਕ ਪਾਂਡਿਆਂ ਦੇ ਗਿੱਟੇ ’ਤੇ ਲੱਗੀ ਸੱਟ

ਹਾਰਦਿਕ ਪਾਂਡਿਆ ਨੂੰ ਮੁੱਢਲੀ ਸਹਾਇਤਾ ਦਿੰਦਾ ਹੋਇਆ ਮੈਡੀਕਲ ਅਮਲਾ ਤੇ ਸਾਥੀ ਖਿਡਾਰੀ। -ਫੋਟੋ: ਪੀਟੀਆਈ

ਪੁਣੇ: ਭਾਰਤ ਦੇ ਹਰਫਨਮੌਲਾ ਕ੍ਰਿਕਟਰ ਹਾਰਦਕਿ ਪਾਂਡਿਆ ਨੂੰ ਅੱਜ ਇੱਥੇ ਬੰਗਲਾਦੇਸ਼ ਖ਼ਿਲਾਫ਼ ਮੈਚ ਦੌਰਾਨ ਆਪਣਾ ਪਹਿਲਾ ਓਵਰ ਸੁੱਟਦੇ ਸਮੇਂ ਗਿੱਟਾ ਮੁੜਨ ਕਾਰਨ ਮੈਦਾਨ ’ਚੋਂ ਬਾਹਰ ਜਾਣਾ ਪਿਆ। ਪਾਂਡਿਆ ਨੂੰ ਸੱਜੇ ਗਿੱਟੇ ’ਤੇ ਸੱਟ ਮੈਚ ਦੇ ਨੌਵੇਂ ਓਵਰ ’ਚ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਲਿਟਲ ਦਾਸ ਦੇ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਲੱਗੀ। ਕੁਮੈਂਟਰੀ ਕਰਦਿਆਂ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਰ ਨੇ ਪੁਸ਼ਟੀ ਕੀਤੀ ਕਿ ਹਾਰਦਿਕ ਪਾਂਡਿਆ ਬੰਗਲਾਦੇਸ਼ ਦੀ ਬਾਕੀ ਪਾਰੀ ਦੌਰਾਨ ਫੀਲਡਿੰਗ ਨਹੀਂ ਕਰੇਗਾ। ਬਾਅਦ ਵਿੱਚ ਬੀਸੀਸੀਆਈ ਨੇ ਇੱਕ ਮੈਡੀਕਲ ਅਪਡੇਟ ’ਚ ਕਿਹਾ, ‘‘ਹਾਰਦਿਕ ਪਾਂਡਿਆ ਦੀ ਸੱਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਸਕੈਨਿੰਗ ਲਈ ਲਿਜਾਇਆ ਗਿਆ ਹੈ।’’ ਉਸ ਦੀ ਜਗ੍ਹਾ ’ਤੇ ਸੂਰਿਆਕੁਮਾਰ ਯਾਦਵ ਬਦਲਵੇਂ ਫੀਲਡਰ ਵਜੋਂ ਮੈਦਾਨ ’ਚ ਆਇਆ। -ਪੀਟੀਆਈ

Advertisement

ਪਾਕਿਸਤਾਨ ਤੇ ਆਸਟਰੇਲੀਆ ਅੱਜ ਹੋਣਗੇ ਆਹਮੋ-ਸਾਹਮਣੇ

ਬੰਗਲੂਰੂ: ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਮੈਚ ਸ਼ੁੱਕਰਵਾਰ ਨੂੰ ਬੰਗਲੂਰੂ ਦੇ ਐੱਮ. ਚਨਿਾਸਵਾਮੀ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਦੌਰਾਨ ਦੋਵੇਂ ਟੀਮਾਂ ਦਾ ਧਿਆਨ ਆਪਣੇ ਰਸੂਖ ਮੁਤਾਬਕ ਪ੍ਰਦਰਸ਼ਨ ਕਰਨ ’ਤੇ ਹੋਵੇਗਾ। ਕ੍ਰਿਕਟ ਵਿਸ਼ਵ ਕੱਪ ’ਚ ਦੋਵੇਂ ਟੀਮਾਂ ਨੇ ਹੁਣ ਤੱਕ ਤਿੰਨ-ਤਿੰਨ ਮੈਚ ਖੇਡੇ ਹਨ। ਪਾਕਿਸਤਾਨ ਨੇ ਦੋ ਮੈਚਾਂ ’ਚ ਨੈਦਰਲੈਂਡਜ਼ ਅਤੇ ਸ੍ਰੀਲੰਕਾ ਖ਼ਿਲਾਫ਼ ਜਿੱਤ ਹਾਸਲ ਕੀਤੀ ਸੀ ਜਦਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਤਿੰਨਾਂ ’ਚੋਂ ਸਿਰਫ ਇੱਕ ਮੈਚ ਹੀ ਜਿੱਤ ਸਕੀ ਹੈ। ਦੋਵੇਂ ਟੀਮਾਂ ਭਾਰਤ ਖ਼ਿਲਾਫ਼ ਆਪਣੇ ਮੈਚ ਹਾਰ ਚੁੱਕੀਆਂ ਹਨ। ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਇਮਾਮਉਲ ਹੱਕ ਅਤੇ ਕਪਤਾਨ ਬਾਬਰ ਦਾ ਹਾਲੇ ਤੱਕ ਪੂਰੀ ਤਰ੍ਹਾਂ ਲੈਅ ’ਚ ਨਾ ਆ ਸਕਣਾ ਚਿੰਤਾ ਦਾ ਸਬੱਬ ਹੋ ਸਕਦਾ ਹੈ। ਟੀਮ ਦਾ ਗੇਂਦਬਾਜ਼ੀ ਮੁਹਾਜ਼ ਵੀ ਆਸ ਮੁਤਾਬਕ ਪ੍ਰਦਰਸ਼ਨ ਕਰਨ ’ਚ ਅਸਫਲ ਰਿਹਾ ਹੈ। ਦੂਜੇ ਪਾਸੇ ਭਾਰਤ ਤੇ ਦੱਖਣੀ ਅਫਰੀਕਾ ਤੋਂ ਮਿਲੀ ਹਾਰ ਮਗਰੋਂ ਆਸਟਰੇਲੀਆ ਅਜਿਹੀ ਸਥਿਤੀ ’ਚ ਹੈ ਕਿ ਜੇਕਰ ਟੀਮ ਨੂੰ ਇੱਕ ਹੋਰ ਹਾਰ ਮਿਲਦੀ ਹੈ ਤਾਂ ਉਸ ਦਾ ਸੈਮੀਫਾਈਨਲ ਦਾ ਰਾਹ ਮੁਸ਼ਕਲ ਹੋ ਸਕਦਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement