ਭਾਰਤ ਨੇ ਦਹਿਸ਼ਤੀ ਟਿਕਾਣਿਆਂ ’ਤੇ ਹਮਲਿਆਂ ਨੂੰ ਤਰਜੀਹ ਕਿਉਂ ਦਿੱਤੀ?
ਉਜਵਲ ਜਲਾਲੀ
ਨਵੀਂ ਦਿੱਲੀ, 7 ਮਈ
ਭਾਰਤ ਨੇ ਸਰਹੱਦ ਪਾਰ ਅਤਿਵਾਦ ਅਤੇ ਹਾਲੀਆ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿੱਚ 26 ਸੈਲਾਨੀ ਮਾਰੇ ਗਏ ਸਨ, ਦੇ ਜਵਾਬ ਵਿੱਚ ਦਲੇਰਾਨਾ ਅਤੇ ਗਿਣਿਆ-ਮਿਥਿਆ ਕਦਮ ਚੁੱਕਦੇ ਹੋਏ ‘ਅਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਨੌਂ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਟੀਕ ਹਵਾਈ ਹਮਲੇ ਕੀਤੇ ਹਨ। ਸੂਤਰਾਂ ਮੁਤਾਬਕ ਇਨ੍ਹਾਂ ਨੌਂ ਟਿਕਾਣਿਆਂ ਵਿਚ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦਾ ਮੁੱਖ ਦਫ਼ਤਰ ਵੀ ਸ਼ਾਮਲ ਹੈ, ਜੋ ਕੌਮਾਂਤਰੀ ਸਰਹੱਦ ਤੋਂ ਕਰੀਬ 100 ਕਿਲੋਮੀਟਰ ਦੂਰ ਇੱਕ ਡੂੰਘਾ ਪ੍ਰਤੀਕਾਤਮਕ ਨਿਸ਼ਾਨਾ ਸੀ। ਇਹ ਟਿਕਾਣਾ ਭਾਰਤ ਵਿਰੁੱਧ ਵੱਡੇ ਪੱਧਰ ’ਤੇ ਹਮਲਿਆਂ ਦੀ ਯੋਜਨਾ ਬਣਾਉਣ ਦਾ ਕਥਿਤ ਕੇਂਦਰ ਸੀ। ਇੱਕ ਹੋਰ ਵੱਡਾ ਹਮਲਾ ਸਾਂਬਾ ਦੇ ਸਾਹਮਣੇ ਸਰਹੱਦ ਤੋਂ ਸਿਰਫ਼ 30 ਕਿਲੋਮੀਟਰ ਦੂਰ ਮੁਰੀਦਕੇ ਵਿੱਚ ਲਸ਼ਕਰ-ਏ-ਤਇਬਾ ਦੇ ਸਿਖਲਾਈ ਕੈਂਪ ’ਤੇ ਕੀਤਾ ਗਿਆ। 26/11 ਮੁੰਬਈ ਹਮਲੇ ਨੂੰ ਅੰਜਾਮ ਦੇਣ ਵਾਲੇ ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣ ਲਈ ਬਦਨਾਮ ਇਹ ਕੈਂਪ ਸਰਹੱਦ ਪਾਰੋਂ ਅਤਿਵਾਦ ਨੂੰ ਸਰਪ੍ਰਸਤੀ ਦੇ ਸਥਾਈ ਖ਼ਤਰੇ ਦੀ ਭਿਆਨਕ ਯਾਦ ਦਿਵਾਉਂਦਾ ਸੀ। ਫੌਜ ਨੇ ਕੰਟਰੋਲ ਰੇਖਾ ਨੇੜੇ ਪੁਣਛ-ਰਾਜੌਰੀ ਸੈਕਟਰ ਵਿੱਚ ਗੁਲਪੁਰ ਕੈਂਪ ਨੂੰ ਨਿਸ਼ਾਨਾ ਬਣਾਇਆ। ਇਸ ਟਿਕਾਣੇ ਨੂੰ 20 ਅਪਰੈਲ, 2023 ਨੂੰ ਪੁਣਛ ਵਿੱਚ ਹੋਏ ਘਾਤਕ ਹਮਲੇ ਦੇ ਨਾਲ ਜੂਨ 2024 ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ’ਤੇ ਹਮਲੇ ਲਈ ਲਾਂਚਪੈਡ ਮੰਨਿਆ ਜਾਂਦਾ ਸੀ। ਮੰਨਿਆ ਜਾਂਦਾ ਹੈ ਕਿ ਕੋਟਲੀ ਕੈਂਪ, ਜੋ ਰਾਜੌਰੀ ਦੇ ਸਾਹਮਣੇ ਲਸ਼ਕਰ-ਏ-ਤਇਬਾ ਦਾ ਟਿਕਾਣਾ ਹੈ, ਵਿੱਚ ਇੱਕ ਸਮੇਂ ਕਰੀਬ 50 ਕਾਰਕੁਨ ਰਹਿੰਦੇ ਸਨ, ਜੋ ਆਤਮਘਾਤੀ ਹਮਲਾਵਰ ਸਿਖਲਾਈ ਕੇਂਦਰ ਵਜੋਂ ਕੰਮ ਕਰਦੇ ਸਨ। ਇਸ ਦੇ ਨਾਲ ਹੀ ਕੰਟਰੋਲ ਰੇਖਾ ਤੋਂ ਸਿਰਫ਼ 10 ਕਿਲੋਮੀਟਰ ਦੂਰ ਬਰਨਾਲਾ ਕੈਂਪ ਨੂੰ ਵੀ ਤਬਾਹ ਕੀਤਾ ਗਿਆ ਹੈ, ਜੋ ਜੰਮੂ ਅਤੇ ਰਾਜੌਰੀ ਵਿੱਚ ਜਾਣ ਵਾਲੇ ਅਤਿਵਾਦੀਆਂ ਲਈ ਇੱਕ ਲੌਜਿਸਟਿਕ ਅਤੇ ਸੰਗਠਨ ਕੇਂਦਰ ਵਜੋਂ ਕੰਮ ਕਰਦਾ ਸੀ।
ਕੌਮਾਂਤਰੀ ਸਰਹੱਦ ਨੇੜੇ ਸਰਜਲ ਕੈਂਪ, ਜੋ ਸਾਂਬਾ-ਕਠੂਆ ਤੋਂ ਕਰੀਬ 8 ਕਿਲੋਮੀਟਰ ਦੂਰ ਜੈਸ਼-ਏ-ਮੁਹੰਮਦ ਦਾ ਇਕ ਹੋਰ ਟਿਕਾਣਾ ਹੈ, ਨੂੰ ਨਿਸ਼ਾਨਾ ਬਣਾਇਆ ਗਿਆ। ਅਖੀਰ ਭਾਰਤ ਨੇ ਸਿਆਲਕੋਟ ਨੇੜੇ ਮਹਿਮੂਨਾ ਕੈਂਪ ’ਤੇ ਹਮਲਾ ਕੀਤਾ, ਜੋ ਸਰਹੱਦ ਤੋਂ ਸਿਰਫ਼ 15 ਕਿਲੋਮੀਟਰ ਦੂਰ ਹਿਜ਼ਬੁਲ ਮੁਜਾਹਿਦੀਨ ਦਾ ਸਿਖਲਾਈ ਕੇਂਦਰ ਹੈ।
ਪਹਿਲਗਾਮ ਹਮਲੇ ਦੇ ਸਾਜ਼ਿਸ਼ਘਾੜਿਆਂ ਦੇ ਕੈਂਪ ’ਤੇ ਵੀ ਹਮਲਾ
ਭਾਰਤ ਨੇ ਪੀਓਕੇ ਦੇ ਤੰਗਧਾਰ ਸੈਕਟਰ ਅੰਦਰ ਲਸ਼ਕਰ-ਏ-ਤਇਬਾ ਵੱਲੋਂ ਚਲਾਏ ਜਾ ਰਹੇ ਸਵਾਈ ਕੈਂਪ ਨੂੰ ਵੀ ਨਿਸ਼ਾਨਾ ਬਣਾਇਆ। ਖ਼ੁਫ਼ੀਆ ਏਜੰਸੀਆਂ ਨੇ ਇਸ ਟਿਕਾਣੇ ਨੂੰ 20 ਅਕਤੂਬਰ, 2024 ਨੂੰ ਸੋਨਮਰਗ, 24 ਅਕਤੂਬਰ ਨੂੰ ਗੁਲਮਰਗ ਅਤੇ 22 ਅਪਰੈਲ, 2025 ਨੂੰ ਪਹਿਲਗਾਮ ਨਾਲ ਜੋੜਿਆ ਹੈ। ਜੈਸ਼-ਏ-ਮੁਹੰਮਦ ਦੇ ਇਕ ਹੋਰ ਲਾਂਚਪੈਡ ਬਿਲਾਲ ਕੈਂਪ ਨੂੰ ਹਵਾਈ ਹਮਲਿਆਂ ਦੀ ਮਾਰ ਹੇਠ ਲਿਆਂਦਾ ਗਿਆ ਸੀ। ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਇਹ ਅਤਿਵਾਦੀਆਂ ਲਈ ਇੱਕ ਮੁੱਖ ਪੜਾਅ ਖੇਤਰ ਵਜੋਂ ਜਾਣਿਆ ਜਾਂਦਾ ਸੀ, ਜੋ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇੱਕ ਅੰਤਿਮ ਆਵਾਜਾਈ ਬਿੰਦੂ ਵਜੋਂ ਕੰਮ ਕਰਦਾ ਸੀ।