For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਕੈਨੇਡਾ ਦਾ ਡਿਪਲੋਮੈਟ ਕੱਢਿਆ, ਨਿੱਝਰ ਹੱਤਿਆ ਮਾਮਲੇ ’ਚ ਟਰੂਡੋ ਦੇ ਦੋਸ਼ ਨਕਾਰੇ

08:07 AM Sep 20, 2023 IST
ਭਾਰਤ ਨੇ ਕੈਨੇਡਾ ਦਾ ਡਿਪਲੋਮੈਟ ਕੱਢਿਆ  ਨਿੱਝਰ ਹੱਤਿਆ ਮਾਮਲੇ ’ਚ ਟਰੂਡੋ ਦੇ ਦੋਸ਼ ਨਕਾਰੇ
ਓਟਾਵਾ ’ਚ ਸੰਸਦ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ। -ਫੋਟੋ: ਪੀਟੀਆਈ
Advertisement

* ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਭਾਰਤੀ ਏਜੰਟਾਂ’ ’ਤੇ ਲਾਏ ਖਾਲਿਸਤਾਨ ਸਮਰਥਕ ਹਰਦੀਪ ਨਿੱਝਰ ਦੀ ਹੱਤਿਆ ’ਚ ਸ਼ਾਮਲ ਹੋਣ ਦੇ ਦੋਸ਼

* ਭਾਰਤ ਵੱਲੋਂ ਦੋਸ਼ ‘ਬੇਤੁਕੇ ਤੇ ਪ੍ਰੇਰਿਤ’ ਕਰਾਰ

ਗੁਰਮਲਕੀਅਤ ਸਿੰਘ ਕਾਹਲੋਂ/ ਪੀਟੀਆਈ
ਵੈਨਕੂਵਰ/ਨਵੀਂ ਦਿੱਲੀ, 19 ਸਤੰਬਰ
ਭਾਰਤ ਤੇ ਕੈਨੇਡਾ ਦੇ ਪਹਿਲਾਂ ਹੀ ਤਣਾਅਪੂਰਨ ਚੱਲ ਰਹੇ ਕੂਟਨੀਤਕ ਸਬੰਧ ਅੱਜ ਉਸ ਵੇਲੇ ਹੋਰ ਵਿਗੜ ਗਏ ਜਦ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ’ਚ ਤਾਇਨਾਤ ਕੈਨੇਡੀਅਨ ਇੰਟੈਲੀਜੈਂਸ ਦੇ ਮੁਖੀ (ਡਿਪਲੋਮੈਟ) ਓਲੀਵਰ ਸਿਲਵੈਸਟਰ ਨੂੰ ਪੰਜ ਦਿਨਾਂ ’ਚ ਦੇਸ਼ ਛੱਡਣ ਲਈ ਕਹਿ ਦਿੱਤਾ। ਇਹ ਕਾਰਵਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ‘ਭਾਰਤ ਸਰਕਾਰ ਦੇ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਹੋਈ ਹੈ। ਦੱਸਣਯੋਗ ਹੈ ਕਿ ਟਰੂਡੋ ਨੇ ਇਹ ਦੋਸ਼ ਦੇਸ਼ ਦੀ ਸੰਸਦ ਵਿਚ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਲਾਏ ਹਨ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਸੀ। ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਦਫ਼ਤਰ ਮੁਤਾਬਕ ਕੱਢੇ ਗਏ ਭਾਰਤੀ ਡਿਪਲੋਮੈਟ ਜਿਸ ਦਾ ਨਾਂ ਪਵਨ ਕੁਮਾਰ ਰਾਏ ਹੈ, ਉਹ ਕੈਨੇਡਾ ਵਿਚ ਭਾਰਤ ਦੀ ਖ਼ੁਫ਼ੀਆ ਏਜੰਸੀ ਰਾਅ ਦਾ ਇੰਚਾਰਜ ਹੈ। ਇਸੇ ਦੌਰਾਨ ਅੱਜ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੋਨ ਮੈਕੇ ਨੂੰ ਵੀ ਤਲਬ ਕੀਤਾ ਗਿਆ ਤੇ ਸੀਨੀਅਰ ਡਿਪਲੋਮੈਟ ਨੂੰ ਕੱਢਣ ਦੇ ਭਾਰਤ ਦੇ ਫੈਸਲੇ ਬਾਰੇ ਜਾਣੂ ਕਰਵਾਇਆ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਦਰਸਾਉਂਦਾ ਹੈ ਕਿ ਭਾਰਤ ‘ਆਪਣੇ ਅੰਦਰੂਨੀ ਮਸਲਿਆਂ ਵਿਚ ਕੈਨੇਡੀਅਨ ਰਾਜਦੂਤਾਂ ਦੇ ਦਖ਼ਲ ਤੇ ਉਨ੍ਹਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਫਿਕਰਮੰਦ ਹੈ।’ ਜ਼ਿਕਰਯੋਗ ਹੈ ਕਿ ਨਿੱਝਰ ਦੀ ਸਰੀ ਵਿਚ ਜੂਨ ’ਚ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ‘ਬੇਤੁਕਾ’ ਤੇ ‘ਪ੍ਰੇਰਿਤ’ ਦੱਸ ਕੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਰਿਹਾ ਨਿੱਝਰ (45), ਭਾਰਤ ਵਿਚ ‘ਮੋਸਟ ਵਾਂਟੇਡ’ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਹੈ ਤੇ ਉਸ ’ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।

Advertisement

ਹਰਦੀਪ ਸਿੰਘ ਨਿੱਝਰ

ਸੰਨ 2016 ਵਿਚ ਨਿੱਝਰ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਨਿਕਲਿਆ ਸੀ। ਸਰੀ ਦੀ ਪੁਲੀਸ ਨੇ 2018 ਵਿਚ ਨਿੱਝਰ ਨੂੰ ਅਤਿਵਾਦ ’ਚ ਸ਼ਮੂਲੀਅਤ ਦੇ ਸ਼ੱਕ ਵਿਚ ਆਰਜ਼ੀ ਤੌਰ ’ਤੇ ਘਰ ਵਿਚ ਨਜ਼ਰਬੰਦ ਕੀਤਾ ਸੀ ਪਰ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿਚ 18 ਜੂਨ ਨੂੰ ਇਕ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਿਦੇਸ਼ੀ ਮੰਤਰੀ ਮੇਲਾਨੀ ਜੋਲੀ ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਭਾਰਤ ਇਸ ਮਾਮਲੇ ਦੀ ਤਹਿ ਤੱਕ ਜਾਣ ’ਚ ਸਾਡਾ ਸਹਿਯੋਗ ਕਰੇ।’ ਟਰੂਡੋ ਨੇ ਅੱਜ ਸੰਸਦ ਵਿਚ ਦੱਸਿਆ, ‘ਪਿਛਲੇ ਕਈ ਹਫ਼ਤਿਆਂ ਦੌਰਾਨ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਰੋਸੇਯੋਗ ਦੋਸ਼ਾਂ ਦੇ ਆਧਾਰ ’ਤੇ ਦੇਸ਼ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੇ ਭਾਰਤੀ ਸਰਕਾਰ ਦੇ ਏਜੰਟਾਂ ਵਿਚਾਲੇ ਸੰਭਾਵੀ ਲਿੰਕ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਸਨ।’ ਸੰਸਦ ਵਿਚ ਟਰੂਡੋ ਦੀਆਂ ਟਿੱਪਣੀਆਂ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ‘ਭਾਰਤ ਦੇ ਇਕ ਸੀਨੀਅਰ ਡਿਪਲੋਮੈਟ’ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਜੋਲੀ ਦੀਆਂ ਟਿੱਪਣੀਆਂ ਤੇ ਦੋਸ਼ਾਂ ਉਤੇ ਤਿੱਖੀ ਪ੍ਰਤੀਕਿਰਿਆਂ ਦਿੰਦਿਆਂ ਭਾਰਤ ਨੇ ਟਰੂਡੋ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ, ਤੇ ਇਨ੍ਹਾਂ ਨੂੰ ‘ਬੇਤੁਕਾ ਅਤੇ ਪ੍ਰੇਰਿਤ’ ਕਰਾਰ ਦਿੱਤਾ। ਜਵਾਬ ਵਿਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਕੈਨੇਡਾ ਦੇ ਇਕ ਡਿਪਲੋਮੈਟ ਨੂੰ ਅਗਲੇ ਪੰਜ ਦਿਨਾਂ ਵਿਚ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਕੈਨੇਡਾ ਵਿਚ ਕਿਸੇ ਵੀ ਤਰ੍ਹਾਂ ਦੀ ਹਿੰਸਾ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਤੁਕੇ ਤੇ ਪ੍ਰੇਰਿਤ ਹਨ।’ ਉਨ੍ਹਾਂ ਕਿਹਾ, ‘ਇਸੇ ਤਰ੍ਹਾਂ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਅੱਗੇ ਵੀ ਰੱਖੇ ਸਨ, ਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ। ਅਸੀਂ ਇਕ ਲੋਕਤੰਤਰਿਕ ਮੁਲਕ ਹਾਂ ਤੇ ਕਾਨੂੰਨ ਦੇ ਰਾਜ ਪ੍ਰਤੀ ਪੂਰੀ ਵਚਨਬੱਧਤਾ ਰੱਖਦੇ ਹਾਂ।’ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ‘ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਉਸ ਦੀ ਧਰਤੀ ’ਤੇ ਬੈਠੇ ਸਾਰੇ ਭਾਰਤ-ਵਿਰੋਧੀ ਤੱਤਾਂ ਖ਼ਿਲਾਫ਼ ਜਲਦੀ ਤੇ ਅਸਰਦਾਰ ਕਾਨੂੰਨੀ ਕਾਰਵਾਈ ਕਰੇ।’ ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿਚ ਟਰੂਡੋ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਕਿਸੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ‘ਸਾਡੀ ਖ਼ੁਦਮੁਖਤਿਆਰੀ ਦੀ ਉਲੰਘਣਾ ਹੈ ਤੇ ਬਰਦਾਸ਼ਤ ਤੋਂ ਬਾਹਰ ਹੈ। ਇਹ ਉਨ੍ਹਾਂ ਸਿਧਾਤਾਂ ਦੇ ਉਲਟ ਹੈ ਜਿਨ੍ਹਾਂ ਰਾਹੀਂ ਆਜ਼ਾਦ ਤੇ ਲੋਕਤੰਤਰਿਕ ਸਮਾਜ ਖ਼ੁਦ ਨੂੰ ਚਲਾਉਂਦੇ ਹਨ।’
ਟਰੂਡੋ ਨੇ ਕਿਹਾ ਕਿ ਉਹ ਇਸ ਗੰਭੀਰ ਮਾਮਲੇ ’ਤੇ ਆਪਣੇ ਭਾਈਵਾਲਾਂ ਨਾਲ ਤਾਲਮੇਲ ਕਰ ਰਹੇ ਹਨ। ਟਰੂਡੋ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਇਹ ਮੁੱਦਾ ਨਵੀਂ ਦਿੱਲੀ ਵਿਚ ਜੀ20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ’ਚ ਰੱਖਿਆ ਸੀ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣ ਵਿਚ ਕੈਨੇਡਾ ਦਾ ਸਹਿਯੋਗ ਕਰਨ। ਜ਼ਿਕਰਯੋਗ ਹੈ ਕਿ ਟਰੂਡੋ ਨਾਲ 10 ਸਤੰਬਰ ਨੂੰ ਹੋਈ ਦੁਵੱਲੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਵਿਚ ਭਾਰਤ-ਵਿਰੋਧੀ ਗਤੀਵਿਧੀਆਂ ਤੇ ਕੱਟੜਵਾਦੀ ਤੱਤਾਂ ਦਾ ਮੁੱਦਾ ਉਠਾਇਆ ਸੀ ਤੇ ਭਾਰਤ ਦੇ ਫ਼ਿਕਰ ਅੱਗੇ ਰੱਖੇ ਸਨ। ਉਨ੍ਹਾਂ ਕਿਹਾ ਸੀ ਕਿ ਅਜਿਹੇ ਤੱਤ ਵੱਖਵਾਦ ਤੇ ਭਾਰਤੀ ਰਾਜਦੂਤਾਂ ਵਿਰੁੱਧ ਹਿੰਸਾ ਭੜਕਾ ਰਹੇ ਹਨ ਤੇ ਕੈਨੇਡਾ ਵਿਚ ਮੌਜੂਦ ਭਾਰਤੀ ਭਾਈਚਾਰੇ ਨੂੰ ਧਮਕਾ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਤੇ ਕੈਨੇਡਾ ਦੇ ਦੁਵੱਲੇ ਸਬੰਧਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਹੈ। ਹਾਲ ਹੀ ’ਚ ਕੈਨੇਡਾ ਨੇ ਭਾਰਤ ਨਾਲ ਵਪਾਰਕ ਵਾਰਤਾ ਰੱਦ ਕਰ ਦਿੱਤੀ ਸੀ। -ਪੀਟੀਆਈ

ਬੇਬੁਨਿਆਦ ਦੋਸ਼ ਖਾਲਿਸਤਾਨੀਆਂ ਤੇ ਕੱਟੜਵਾਦੀਆਂ ਤੋਂ ਧਿਆਨ ਹਟਾਉਣ ਦਾ ਯਤਨ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘ਅਜਿਹੇ ਬੇਬੁਨਿਆਦ ਦੋਸ਼ ਖਾਲਿਸਤਾਨੀ ਅਤਿਵਾਦੀਆਂ ਤੇ ਕੱਟੜਵਾਦੀਆਂ ਤੋਂ ਧਿਆਨ ਹਟਾਉਣ ਲਈ ਹਨ, ਜਿਨ੍ਹਾਂ ਨੂੰ ਕੈਨੇਡਾ ਵਿਚ ਸ਼ਰਨ ਮਿਲੀ ਹੋਈ ਹੈ ਤੇ ਉਹ ਲਗਾਤਾਰ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਲਈ ਖਤਰਾ ਪੈਦਾ ਕਰ ਰਹੇ ਹਨ। ਇਸ ਮਾਮਲੇ ਵਿਚ ਕੈਨੇਡਾ ਦੀ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕਣਾ ਲੰਮੇ ਸਮੇਂ ਤੋਂ ਚਿੰਤਾ ਵਿਸ਼ਾ ਬਣਿਆ ਹੋਇਆ ਹੈ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡੀਅਨ ਰਾਜਨੀਤਕ ਸ਼ਖ਼ਸੀਅਤਾਂ, ‘ਸ਼ਰੇਆਮ ਅਜਿਹੇ ਤੱਤਾਂ ਲਈ ਹਮਦਰਦੀ ਜ਼ਾਹਿਰ ਕਰਦੀਆਂ ਰਹੀਆਂ ਹਨ ਜੋ ਕਿ ਹਮੇਸ਼ਾ ਚਿੰਤਾ ਦਾ ਮਾਮਲਾ ਬਣਿਆ ਰਿਹਾ ਹੈ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿਚ ਹੱਤਿਆਵਾਂ, ਮਨੁੱਖੀ ਤਸਕਰੀ ਤੇ ਸੰਗਠਿਤ ਅਪਰਾਧ ਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਥਾਂ ਦਿੱਤੀ ਜਾਣੀ, ਕੋਈ ਨਵੀਂ ਗੱਲ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨਾਲ ਭਾਰਤ ਸਰਕਾਰ ਦਾ ਨਾਂ ਜੋੜੇ ਜਾਣ ਦੇ ਯਤਨਾਂ ਨੂੰ ਖਾਰਜ ਕਰਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਸਿੱਖਾਂ ਦੀ ਆਬਾਦੀ 7,70,000 (ਕੁੱਲ ਆਬਾਦੀ ਦਾ ਦੋ ਪ੍ਰਤੀਸ਼ਤ) ਤੋਂ ਵੱਧ ਹੈ। -ਪੀਟੀਆਈ

ਭਾਰਤ-ਵਿਰੋਧੀ ਤੱਤਾਂ ਵਿਰੁੱਧ ਪ੍ਰਭਾਵੀ ਕਾਰਵਾਈ ਕਰੇ ਕੈਨੇਡਾ ਸਰਕਾਰ: ਭਾਜਪਾ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਅਤਿਵਾਦੀ ਐਲਾਨੇ ਗਏ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ’ਚ ਹੋਈ ਹੱਤਿਆ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਨੂੰ ਭਾਜਪਾ ਨੇ ਅੱਜ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਸਰਕਾਰ ‘ਆਪਣੀ ਧਰਤੀ ’ਤੇ ਮੌਜੂਦ ਸਾਰੇ ਭਾਰਤ-ਵਿਰੋਧੀ ਤੱਤਾਂ’ ਖ਼ਿਲਾਫ਼ ਕਾਰਵਾਈ ਕਰੇ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇ ਬਿਆਨ ‘ਬੇਬੁਨਿਆਦ’ ਹਨ। -ਪੀਟੀਆਈ

ਦੇਸ਼ ਦੇ ਹਿੱਤਾਂ ਤੇ ਫ਼ਿਕਰਾਂ ਨੂੰ ਸਭ ਤੋਂ ਉਤੇ ਰੱਖਣਾ ਜ਼ਰੂਰੀ: ਕਾਂਗਰਸ

ਨਵੀਂ ਦਿੱਲੀ: ਹਰਦੀਪ ਸਿੰਘ ਨਿੱਝਰ ਹੱਤਿਆ ਮਾਮਲੇ ਵਿਚ ਕੈਨੇਡਾ ਵੱਲੋਂ ਲਾਏ ਦੋਸ਼ਾਂ ’ਤੇ ਕਾਂਗਰਸ ਨੇ ਅੱਜ ਕਿਹਾ ਕਿ ਦੇਸ਼ ਦੇ ਹਿੱਤਾਂ ਤੇ ਫ਼ਿਕਰਾਂ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਣਾ ਚਾਹੀਦਾ ਹੈ, ਤੇ ਅਤਿਵਾਦ ਖ਼ਿਲਾਫ਼ ਦੇਸ਼ ਦੀ ਜੰਗ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘ਭਾਰਤੀ ਰਾਸ਼ਟਰੀ ਕਾਂਗਰਸ ਹਮੇਸ਼ਾ ਇਸ ਗੱਲ ਵਿਚ ਯਕੀਨ ਰੱਖਦੀ ਹੈ ਕਿ ਸਾਡੇ ਮੁਲਕ ਦੀ ਅਤਿਵਾਦ ਵਿਰੁੱਧ ਲੜਾਈ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।’ -ਪੀਟੀਆਈ

ਖ਼ੁਦਮੁਖਤਿਆਰੀ ’ਤੇ ਹਮਲਾ

‘‘ਕੈਨੇਡੀਅਨ ਸੁਰੱਖਿਆ ਏਜੰਸੀਆਂ ਭਰੋਸੇਯੋਗ ਦੋਸ਼ਾਂ ਦੇ ਆਧਾਰ ’ਤੇ ਦੇਸ਼ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੇ ਭਾਰਤੀ ਸਰਕਾਰ ਦੇ ਏਜੰਟਾਂ ਵਿਚਾਲੇ ਸੰਭਾਵੀ ਲਿੰਕ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਸਨ। ਇਹ ਸਾਡੀ ਖ਼ੁਦਮੁਖਤਿਆਰੀ ਦੀ ਉਲੰਘਣਾ ਹੈ ਤੇ ਬਰਦਾਸ਼ਤ ਤੋਂ ਬਾਹਰ ਹੈ।’’

ਭਾਰਤ ਨੂੰ ‘ਭੜਕਾ’ ਨਹੀਂ ਰਿਹਾ ਕੈਨੇਡਾ, ਹੱਤਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ: ਟਰੂਡੋ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਭਾਰਤ ਨੂੰ ‘ਭੜਕਾ’ ਜਾਂ ‘ਤਣਾਅ’ ਨਹੀਂ ਵਧਾ ਰਹੇ, ਪਰ ਨਵੀਂ ਦਿੱਲੀ ਨੂੰ ਅਪੀਲ ਕਰਦੇ ਹਨ ਕਿ ਵੱਖਵਾਦੀ ਸਿੱਖ ਆਗੂ ਦੀ ਹੱਤਿਆ ਨੂੰ ‘ਪੂਰੀ ਗੰਭੀਰਤਾ’ ਨਾਲ ਲਿਆ ਜਾਵੇ। ਟਰੂਡੋ ਨੇ ਕਿਹਾ, ‘ਅਸੀਂ ਸਭ ਸਪੱਸ਼ਟ ਕਰਨ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਹੋਵੇ।’ -ਪੀਟੀਆਈ

ਧਿਆਨ ਹਟਾਉਣ ਦਾ ਯਤਨ: ਭਾਰਤੀ ਵਿਦੇਸ਼ ਮੰਤਰਾਲਾ

‘‘ਅਜਿਹੇ ਬੇਬੁਨਿਆਦ ਦੋਸ਼ ਖਾਲਿਸਤਾਨੀ ਅਤਿਵਾਦੀਆਂ ਤੇ ਕੱਟੜਵਾਦੀਆਂ ਤੋਂ ਧਿਆਨ ਹਟਾਉਣ ਲਈ ਹਨ ਜਿਨ੍ਹਾਂ ਨੂੰ ਕੈਨੇਡਾ ਵਿੱਚ ਪਨਾਹ ਮਿਲੀ ਹੋਈ ਹੈ ਤੇ ਉਹ ਲਗਾਤਾਰ ਭਾਰਤੀ ਅਖੰਡਤਾ ਨੂੰ ਚੁਣੌਤੀ ਦੇ ਰਹੇ ਹਨ।’’

Advertisement
Author Image

joginder kumar

View all posts

Advertisement
Advertisement
×