ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨਿੱਝਰ ਮਾਮਲੇ ਦੀ ਜਾਂਚ ਲਈ ਤਿਆਰ, ਕੈਨੇਡਾ ਸਬੂਤ ਦੇਵੇ: ਜੈਸ਼ੰਕਰ

07:12 AM Nov 17, 2023 IST

ਲੰਡਨ, 16 ਨਵੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਕਥਿਤ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਕੈਨੇਡਾ ਦੇ ਦੋਸ਼ਾਂ ਦੀ ਜਾਂਚ ਲਈ ਉਹ ਤਿਆਰ ਹਨ, ਬਸ਼ਰਤੇ ਭਾਰਤ ਨੂੰ ਲੋੜੀਂਦੇ ਸਬੂਤ ਮੁਹੱਈਆ ਕੀਤੇ ਜਾਣ। ਉਨ੍ਹਾਂ ਕਿਹਾ ਕਿ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਇਕ ਜ਼ਿੰਮੇਵਾਰੀ ਨਾਲ ਆਉਂਦੀ ਹੈ, ਜਿਸ ਦੀ ਸਰਕਾਰਾਂ ਦੀ ਨੱਕ ਹੇਠ ਦੁਰਵਰਤੋਂ ਹੋ ਰਹੀ ਹੈ ਤੇ ਇਸ ਨੂੰ ਬਰਦਾਸ਼ਤ ਕਰਨਾ ਗ਼ਲਤ ਹੈ। ਪੰਜ ਰੋਜ਼ਾ ਸਰਕਾਰੀ ਫੇਰੀ ਦੌਰਾਨ ਜੈਸ਼ੰਕਰ ਨੇ ਯੂਕੇ ਦੇ ਗ੍ਰਹਿ ਮੰਤਰੀ ਜੇਮਸ ਕਲੈਵਰਲੀ ਤੇ ਕੌਮੀ ਸੁਰੱਖਿਆ ਸਲਾਹਕਾਰ ਟਿਮ ਬੈਰੋ ਨਾਲ ਯੂਕੇ ਵਿੱਚ ਖਾਲਿਸਤਾਨੀ ਪੱਖੀ ਕੱਟੜਵਾਦ ਨੂੰ ਲੈ ਕੇ ਆਪਣੇ ਫ਼ਿਕਰ ਵੀ ਸਾਂਝੇ ਕੀਤੇ। ਜੈਸ਼ੰਕਰ ਫੇਰੀ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਵੀ ਮਿਲੇ ਤੇ ਉਨ੍ਹਾਂ ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਾਰਕ ਵਜੋਂ ਭਾਰਤ-ਯੂਕੇ ਸਬੰਧਾਂ ਨੂੰ ਵਧਾਉਣ ਵਿੱਚ ਸਕਾਰਾਤਮਕ ਰਫ਼ਤਾਰ ’ਤੇ ਤਸੱਲੀ ਪ੍ਰਗਟਾਈ।
ਜੈਸ਼ੰਕਰ ਨੇ ਦੇਸ਼ ਵਾਪਸੀ ਤੋਂ ਪਹਿਲਾਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੈਨੇਡਾ ਦੇ ਹਵਾਲੇ ਨਾਲ ਕਿਹਾ, ‘‘ਜੇਕਰ ਅਜਿਹੇ ਦੋਸ਼ ਲਾਉਣ ਲਈ ਤੁਹਾਡੇ ਕੋਲ ਕੋਈ ਵਜ੍ਹਾ ਹੈ ਤਾਂ ਕ੍ਰਿਪਾ ਕਰਕੇ ਸਾਡੇ ਨਾਲ ਸਬੂਤ ਸਾਂਝੇ ਕੀਤੇ ਜਾਣ। ਅਸੀਂ ਜਾਂਚ ਤੋਂ ਇਨਕਾਰੀ ਨਹੀਂ ਹਾਂ ਤੇ ਉਨ੍ਹਾਂ ਵੱਲੋੋਂ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ਦੀ ਉਡੀਕ ਵਿੱਚ ਹਾਂ। ਪਰ ਉਨ੍ਹਾਂ ਅਜੇ ਤੱਕ ਅਜਿਹਾ ਨਹੀਂ ਕੀਤਾ।’’ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਯੂਕੇ ਵਿੱਚ ਆਪਣੇ ਕੂਟਨੀਤਕਾਂ ਦੀ ਸੁਰੱਖਿਆ ਨਾਲ ਜੁੜੇ ਫਿਕਰਾਂ ਬਾਰੇ ਯੂਕੇ ਦੇ ਸਿਖਰਲੇ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਜਮਹੂਰੀ ਮੁਲਕ ਹੋਣ ਦੇ ਨਾਤੇ ਯਕੀਨੀ ਤੌਰ ’ਤੇ ਅਸੀਂ ਵੀ ਬੋਲਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸਮਝਦੇ ਹਾਂ, ਪਰ ਇਨ੍ਹਾਂ ਆਜ਼ਾਦੀਆਂ ਦੀ ਦੁਰਵਰਤੋਂ ’ਤੇ ਰੋਕ ਲੱਗਣੀ ਚਾਹੀਦੀ ਹੈ।’’ ਚੇਤੇ ਰਹੇ ਕਿ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ ਵਿੱਚ ਦੇਸ਼ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਨਿੱਝਰ ਦੀ ਹੱਤਿਆ ਵਿਚ ਕਥਿਤ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਅਣਪਛਾਤੇ ਹਮਲਾਵਰਾਂ ਨੇ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਰੂਡੋ ਦੇ ਉਪਰੋਕਤ ਦਾਅਵੇ ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ’ਚ ਕੂਟਨੀਤਕ ਟਕਰਾਅ ਵਧ ਗਿਆ ਸੀ। ਭਾਰਤ ਟਰੂਡੋ ਦੇ ਦੋਸ਼ਾਂ ਨੂੰ ‘ਹਾਸੋਹੀਣੇ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਚੁੱਕਾ ਹੈ। ਭਾਰਤ ਨੇ 2020 ਵਿੱਚ ਨਿੱਝਰ ਨੂੰ ਦਹਿਸ਼ਤਗਰਦ ਮਨੋਨੀਤ ਕੀਤਾ ਸੀ। ਜੈਸ਼ੰਕਰ ਨੇ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਿਆਂ, ਹਾਈ ਕਮਿਸ਼ਨ ਤੇ ਕੌਂਸੁੁਲੇਟ ਜਨਰਲ ’ਤੇ ਧੂੰਏਂ ਦੇ ਬੰਬ ਨਾਲ ਹਮਲੇ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀ ਕੂਟਨੀਤਕਾਂ ਨੂੰ ਜਨਤਕ ਤੌਰ ’ਤੇ ਡਰਾਇਆ ਧਮਕਾਇਆ ਗਿਆ ਤੇ ਕੈਨੇਡੀਅਨ ਅਥਾਰਿਟੀਜ਼ ਨੇ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਵਿਦੇਸ਼ ਮੰਤਰੀ ਨੂੰ ਜਦੋਂ ਪੁੱਛਿਆ ਕਿ ਕੀ ਉਹ ਮੰਨਦੇ ਹਨ ਕਿ ਨਿੱਝਰ ਦਹਿਸ਼ਤਗਰਦ ਸੀ, ਜੈਸ਼ੰਕਰ ਨੇ ਕਿਹਾ, ‘‘ਉਸ ਦਾ ਟਰੈਕ ਰਿਕਾਰਡ ਸੀ, ਜੋ ਸੋਸ਼ਲ ਮੀਡੀਆ ’ਤੇ ਉਪਲਬਧ ਹੈ। ਇਹ ਬਹੁਤ ਵਿਆਪਕ ਟਰੈਕ ਰਿਕਾਰਡ ਹੈ। ਮੈਂ ਹਰ ਕਿਸੇ ਨੂੰ ਆਪਣੀ ਰਾਏ ਬਣਾਉਣ ਦੀ ਖੁੱਲ੍ਹ ਦਿੰਦਾ ਹਾਂ।’’ -ਪੀਟੀਆਈ

Advertisement

‘ਕੈਨੇਡੀਅਨ ਸਿਆਸਤ ’ਚ ਹਿੰਸਕ ਤੇ ਕੱਟੜਵਾਦੀ ਵਿਚਾਰਾਂ ਨੂੰ ਤਰਜੀਹ’

ਜੈਸ਼ੰਕਰ ਨੇ ਕਿਹਾ ਕਿ ਕੈਨੇਡੀਅਨ ਸਿਆਸਤ ਵਿੱਚ ਹਿੰਸਕ ਤੇ ਕੱਟੜਵਾਦ ਦੇ ਸਿਆਸੀ ਵਿਚਾਰਾਂ ਨੂੰ ਥਾਂ ਦਿੱਤੀ ਜਾਂਦੀ ਹੈ, ਜੋ ਹਿੰਸਕ ਤੌਰ-ਤਰੀਕਿਆਂ ਸਮੇਤ ਭਾਰਤ ਤੋਂ ਵੱਖਵਾਦ ਦੀ ਵਕਾਲਤ ਕਰਦੇ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ਲੋਕਾਂ ਨੂੰ ਕੈਨੇਡੀਅਨ ਸਿਆਸਤ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ।’’ ਜੈਸ਼ੰਕਰ ਨੇ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੋਲਣ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਇੱਕ ਖਾਸ ਜ਼ਿੰਮੇਵਾਰੀ ਨਾਲ ਆਉਂਦੀ ਹੈ ਅਤੇ ਅਜਿਹੀ ਆਜ਼ਾਦੀ ਦੀ ਦੁਰਵਰਤੋਂ ਤੇ ਸਿਆਸੀ ਮੰਤਵਾਂ ਲਈ ਇਸ ਦੁਰਵਰਤੋਂ ਨੂੰ ਬਰਦਾਸ਼ਤ ਕਰਨਾ ਬਹੁਤ ਗਲਤ ਹੋਵੇਗਾ।

Advertisement
Advertisement