ਭਾਰਤ ਤੇ ਬਰਤਾਨੀਆ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਸਿਰੇ ਚੜ੍ਹਾਉਣ ਲਈ ਵਚਨਬੱਧ
ਨਵੀਂ ਦਿੱਲੀ, 11 ਸਤੰਬਰ
ਭਾਰਤ ਤੇ ਬਰਤਾਨੀਆ ਨੇ ਅੱਜ ਦੋਵਾਂ ਮੁਲਕਾਂ ਦਰਮਿਆਨ ਮੁਕਤ ਵਪਾਰ ਸਮਝੌਤੇ (ਐਫਟੀਏ) ਨੂੰ ਜਲਦੀ ਸਿਰੇ ਚੜ੍ਹਾਉਣ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ। ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਜੈਰੇਮੀ ਹੰਟ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਐਫਟੀਏ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਸੀਤਾਰਾਮਨ ਨੇ 12ਵੀਂ ਭਾਰਤ-ਬਰਤਾਨੀਆ ਆਰਥਿਕ ਤੇ ਵਿੱਤੀ ਵਾਰਤਾ ਮੁਕੰਮਲ ਹੋਣ ਤੋਂ ਬਾਅਦ ਕਿਹਾ, ‘ਯਕੀਨੀ ਤੌਰ ’ਤੇ ਐਫਟੀਏ ਬਾਰੇ ਵਿਚਾਰ-ਚਰਚਾ ਹੋਈ ਹੈ, ਖਾਸ ਤੌਰ ’ਤੇ ਨਿਵੇਸ਼ ਦੇ ਪੱਖ ਤੋਂ, ਜੋ ਕਿ ਵਿੱਤ ਮੰਤਰਾਲੇ ਅਧੀਨ ਆਉਂਦਾ ਹੈ, ਅਤੇ ਦੋਵੇਂ ਧਿਰਾਂ ਇਸ ਸਮਝੌਤੇ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਹੱਕ ਵਿਚ ਹਨ ਤਾਂ ਕਿ ਆਖਰੀ ਸਹੀ ਪਾਈ ਜਾ ਸਕੇ।’
ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਜਲਦੀ ਤੋਂ ਜਲਦੀ ਵਿਆਪਕ ਮੁਕਤ ਵਪਾਰ ਸਮਝੌਤੇ ਨੂੰ ਪੂਰਾ ਕਰਨਾ ਚਾਹੁੰਦੀਆਂ ਹਨ। ਮੀਟਿੰਗ ਬਾਰੇ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਰਚਾ ਤਕਨੀਕ ਤੇ ਬੁਨਿਆਦੀ ਢਾਂਚੇ ਦੀ ਉਸਾਰੀ ’ਚ ਭਾਈਵਾਲੀ, ਸਾਂਝੇ ਵਿਕਾਸ, ਜਲਵਾਯੂ ਖੇਤਰ ਵਿਚ ਅੱਗੇ ਵਧਣ ਉਤੇ ਕੇਂਦਰਤ ਰਹੀ ਹੈ। ਬਰਤਾਨੀਆ ਨੇ ਆਈਐਫਐੱਸਸੀ-ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈੱਕ-ਸਿਟੀ (ਗਿਫਟ ਸਿਟੀ) ’ਚ ਆਪਣੀ ਮੌਜੂਦਗੀ ਦੇ ਹੋਰ ਵਿਸਤਾਰ ਦੀ ਵੀ ਇੱਛਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਬਰਤਾਨੀਆ ਫਿਨਟੈੱਕ ਖੇਤਰ ਵਿਚ ਵੀ ਭਾਈਵਾਲੀ ਵਧਾਉਣਾ ਚਾਹੁੰਦਾ ਹੈ। ਦੋਵਾਂ ਮੁਲਕਾਂ ਨੇ ਸਾਂਝਾ ਉੱਦਮ ‘ਬਰਤਾਨੀਆ ਇੰਡੀਆ ਇਨਫਰਾਸਟਰੱਕਚਰ ਫਾਇਨਾਂਸਿੰਗ ਬਰਿੱਜ’ ਵੀ ਲਾਂਚ ਕੀਤਾ ਹੈ ਜਿਸ ਦੀ ਅਗਵਾਈ ਨੀਤੀ ਆਯੋਗ ਤੇ ‘ਸਿਟੀ ਆਫ ਲੰਡਨ
ਕਾਰਪੋਰੇਸ਼ਨ’ ਮਿਲ ਕੇ ਕਰਨਗੇ। ਇਸ ਤਹਿਤ ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਯੋਜਨਾਬੰਦੀ ਕਰ ਕੇ ਇਨ੍ਹਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਉੱਭਰ ਰਹੀਆਂ ਤਕਨੀਕਾਂ ਜਿਵੇਂ ਕਿ ਏਆਈ, ਮਸ਼ੀਨ ਲਰਨਿੰਗ ਤੇ ਭਾਰਤ ਦਾ ਨਵਾਂ ਡਿਜੀਟਲ ਨਿੱਜੀ ਡੇਟਾ ਪ੍ਰੋਟੈਕਸ਼ਨ ਐਕਟ ਦੋਵਾਂ ਮੁਲਕਾਂ ਨੂੰ ਭਾਈਵਾਲੀ ਦੇ ਕਾਫ਼ੀ ਮੌਕੇ ਉਪਲੱਬਧ ਕਰਵਾ ਰਿਹਾ ਹੈ। ਜੈਰੇਮੀ ਹੰਟ ਨੇ ਇਸ ਮੌਕੇ ਭਾਰਤੀ ਕੰਪਨੀਆਂ ਦੀ ਲੰਡਨ ਸਟਾਕ ਐਕਸਚੇਂਜ ਵਿਚ ਸਿੱਧੀ ਲਿਸਟਿੰਗ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। -ਪੀਟੀਆਈ