ਭਾਰਤ ਤੇ ਪੈਰਾਗੁਏ ਅਤਿਵਾਦ ਖ਼ਿਲਾਫ਼ ਇਕਜੁੱਟ: ਮੋਦੀ
ਨਵੀਂ ਦਿੱਲੀ, 2 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਪੈਰਾਗੁਏ ਅਤਿਵਾਦ ਖ਼ਿਲਾਫ਼ ਲੜਾਈ ’ਚ ਇਕਜੁੱਟ ਹਨ ਅਤੇ ਦੋਵਾਂ ਕੋਲ ਸਾਈਬਰ ਅਪਰਾਧ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਹੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਕੰਮ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਮੋਦੀ ਨੇ ਪੈਰਾਗੁਏ ਦੇ ਰਾਸ਼ਟਰਪਤੀ ਸੈਂਟੀਆਗੋ ਪੈਨਾ ਪੈਲਾਸਿਓਸ ਨਾਲ ਵਫ਼ਦ ਪੱਧਰੀ ਵਾਰਤਾ ’ਚ ਇਹ ਟਿੱਪਣੀ ਕੀਤੀ।
ਪੈਲਾਸਿਓਸ ਮੁਕੰਮਲ ਸਹਿਯੋਗ ਵਧਾਉਣ ਦੇ ਢੰਗ ਲੱਭਣ ਲਈ ਭਾਰਤ ਦੀ ਤਿੰਨ ਰੋਜ਼ਾ ਯਾਤਰਾ ’ਤੇ ਅੱਜ ਦਿੱਲੀ ਪੁੱਜੇ ਹਨ। ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ ਜਦਕਿ ਦੱਖਣੀ ਅਮਰੀਕੀ ਦੇਸ਼ ਦੇ ਕਿਸੇ ਰਾਸ਼ਟਰਪਤੀ ਦੀ ਦੂਜੀ ਯਾਤਰਾ ਹੈ। ਲਾਤੀਨੀ ਅਮਰੀਕੀ ਖੇਤਰ ’ਚ ਭਾਰਤ ਲਈ ਪੈਰਾਗੁਏ ਅਹਿਮ ਵਪਾਰਕ ਭਾਈਵਾਲ ਹੈ। ਆਟੋ-ਮੋਬਾਈਲ ਤੇ ਫਾਰਮਾਸਿਊਟੀਕਲ ਖੇਤਰ ਦੀਆਂ ਕਈ ਭਾਰਤੀ ਕੰਪਨੀਆਂ ਪੈਰਾਗੁਏ ’ਚ ਮੌਜੂਦ ਹਨ। ਮੋਦੀ ਨੇ ਕਿਹਾ, ‘ਅਸੀਂ ਡਿਜੀਟਲ, ਤਕਨੀਕ, ਅਹਿਮ ਖਣਿਜ, ਊਰਜਾ, ਖੇਤੀ, ਸਿਹਤ ਸੇਵਾ, ਰੱਖਿਆ, ਰੇਲਵੇ, ਪੁਲਾੜ ਤੇ ਮੁਕੰਮਲ ਆਰਥਿਕ ਭਾਈਵਾਲੀ ਜਿਹੇ ਖੇਤਰਾਂ ’ਚ ਸਹਿਯੋਗ ਦੇ ਨਵੇਂ ਮੌਕੇ ਦੇਖਦੇ ਹਾਂ।’ ਪ੍ਰਧਾਨ ਮੰਤਰੀ ਨੇ ਦੱਖਣੀ ਅਮਰੀਕੀ ਵਪਾਰ ਸਮੂਹ ਮਰਕੋਸੁਰ ਨਾਲ ਭਾਰਤ ਦੇ ਤਰਜੀਹੀ ਵਪਾਰ ਪ੍ਰਬੰਧ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਅਸੀਂ ਇਸ ਨੂੰ ਹੋਰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ।’ ਦੋਵਾਂ ਆਗੂਆਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਪਿੱਠਭੂਮੀ ’ਚ ਅਤਿਵਾਦ ਨਾਲ ਨਜਿੱਠਣ ਦੇ ਢੰਗਾਂ ਬਾਰੇ ਵੀ ਵਿਚਾਰ-ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪੈਰਾਗੁਏ ਨੂੰ ‘ਗਲੋਬਲ ਸਾਊਥ’ ਦਾ ਅਟੁੱਟ ਹਿੱਸਾ ਦੱਸਿਆ। -ਪੀਟੀਆਈ
ਹਵਾਬਾਜ਼ੀ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਹਵਾਬਾਜ਼ੀ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਤੇਜ਼ੀ ਨਾਲ ਵਧਦਾ ਹਵਾਬਾਜ਼ੀ ਖੇਤਰ ਮੋਹਰੀ ਆਲਮੀ ਕੰਪਨੀਆਂ ਲਈ ਬਿਹਤਰ ਨਿਵੇਸ਼ ਦੇ ਮੌਕੇ ਮੁਹੱਈਆ ਕਰਦਾ ਹੈ। ਮੋਦੀ ਨੇ ਕੌਮਾਂਤਰੀ ਹਵਾਈ ਆਵਾਜਾਈ ਐਸੋਸੀਏਸ਼ਨ ਦੀ 81ਵੀਂ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਟੀਚਾ 2030 ਤੱਕ ਮੁਰੰਮਤ ਤੇ ਸਾਂਭ-ਸੰਭਾਲ (ਐੱਮਆਰਓ) ਕਾਰੋਬਾਰ ਵਧਾ ਕੇ ਚਾਰ ਅਰਬ ਡਾਲਰ ਕਰਨ ਦਾ ਹੈ। -ਪੀਟੀਆਈ