ਭਾਰਤ-ਚੀਨ ਮੈਡੀਕਲ ਮਿਸ਼ਨ ਦੀ 85ਵੀਂ ਵਰ੍ਹੇਗੰਢ ਮੌਕੇ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਜੁਲਾਈ
ਇੰਡੀਆ-ਚਾਈਨਾ ਮੈਡੀਕਲ ਮਿਸ਼ਨ (1938-1942) ਦੀ 85ਵੀਂ ਵਰ੍ਹੇਗੰਢ ਮਨਾਉਣ ਲਈ ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਵਿਖੇ ਕੀਤੇ ਸਮਾਗਮ ਦੌਰਾਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਮੌਕੇ ਸ੍ਰੀ ਵੈਂਗ ਜ਼ਿਨਮਿੰਗ ਕੌਂਸਲਰ ਚੀਨੀ ਅੰਬੈਸੀ (ਸੱਭਿਆਚਾਰਕ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਦਿਨੇਸ਼ ਉਪਾਧਿਆਏ (ਮੈਂਬਰ ਆਯੂਸ਼ ਕਮੇਟੀ, ਭਾਰਤ ਸਰਕਾਰ) ਨੇ ਵੀ ਸ਼ਿਰਕਤ ਕੀਤੀ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਡਾ: ਇੰਦਰਜੀਤ ਸਿੰਘ (ਡਾਇਰੈਕਟਰ, ਕੋਟਨੀਸ ਹਸਪਤਾਲ) ਨੇ ਉਨ੍ਹਾਂ ਦਾ ਸਵਾਗਤ ਕੀਤਾ। ਐਡਵੋਕੇਟ ਕੇਆਰ ਸੀਕਰੀ, ਇਕਬਾਲ ਸਿੰਘ ਗਿੱਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮਿਸਟਰ ਵੈਂਗ ਜ਼ਿਨਮਿੰਗ ਨੇ ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਡਾ: ਦਵਾਰਕਾਨਾਥ ਕੋਟਨਿਸ ਦੀ ਕੁਰਬਾਨੀ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਸ੍ਰੀ ਦਿਨੇਸ਼ ਉਪਾਧਿਆਏ ਨੇ ਐਕੂਪੰਕਚਰ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਹਸਪਤਾਲ ਦੀ ਸ਼ਲਾਘਾ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੂਰੇ ਭਾਰਤ ਵਿੱਚ ਐਕਿਊਪੰਕਚਰ ਨੂੰ ਮਾਨਤਾ ਦੇਣ। ਇਸ ਮੌਕੇ ਕਰਨਲ ਐਚਐਸ ਕਾਹਲੋਂ, ਜਸਵੰਤ ਸਿੰਘ ਛਾਪਾ ਅਤੇ ਇੰਦਰਜੀਤ ਵਰਮਾ ਵੀ ਹਾਜ਼ਰ ਸਨ। ਇਸ ਮੌਕੇ ਬੱਚਿਆਂ ਵੱਲੋਂ ਪੰਜਾਬੀ ਲੋਕ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਦੀਆਂ ਵਿਦਿਆਰਥਣਾਂ ਨੇ ਮਾਰਸ਼ਲ ਆਰਟ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਡਾ. ਇੰਦਰਜੀਤ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਐਕੂਪੰਕਚਰ ਮੈਡੀਕਲ ਵਿਧੀ ਨੂੰ ਭਾਰਤ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਚੀਨ ਅਤੇ ਭਾਰਤ ਸਰਕਾਰ ਨੂੰ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਡਾ: ਸੰਦੀਪ ਚੋਪੜਾ, ਡਾ: ਚੇਤਨਾ ਚੋਪੜਾ, ਡਾ: ਨੇਹਾ ਢੀਂਗਰਾ, ਡਾ: ਰਘੁਵੀਰ ਸਿੰਘ, ਡਾ: ਰਿਤਿਕ ਚਾਵਲਾ, ਡਾ: ਅਨੀਸ਼ ਗੁਪਤਾ ਆਦਿ ਹਾਜ਼ਰ ਸਨ।