‘ਭਾਰਤ ਖ਼ਿਲਾਫ਼ ਭਵਿੱਖ ’ਚ ਕੋਈ ਵੀ ਦਹਿਸ਼ਤੀ ਹਮਲਾ ‘ਜੰਗੀ ਕਾਰਵਾਈ’ ਮੰਨੀ ਜਾਵੇਗੀ’
ਨਵੀਂ ਦਿੱਲੀ: ਸਰਕਾਰ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਭਾਰਤ ਆਪਣੀ ਜ਼ਮੀਨ ’ਤੇ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਦਹਿਸ਼ਤੀ ਘਟਨਾ ਨੂੰ ‘ਜੰਗ ਦੀ ਕਾਰਵਾਈ’ ਮੰਨੇਗਾ ਤੇ ਉਸ ਦਾ ਉਸੇ ਮੁਤਾਬਕ ਜਵਾਬ ਦੇਵੇਗਾ। ਉੱਚ ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਦੇਸ਼ ਨਾਲ ਵਧਦੇ ਤਣਾਅ ਦੌਰਾਨ ਪਾਕਿਸਤਾਨ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ। ਇਸ ਫ਼ੈਸਲੇ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦਹਿਸ਼ਤੀ ਘਟਨਾਵਾਂ ਖ਼ਿਲਾਫ਼ ‘ਲਾਲ ਲਕੀਰ’ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ਨੇ ਮੁੜ ਭਾਰਤ ਨੂੰ ਨਿਸ਼ਾਨਾ ਬਣਾਇਆ ਤਾਂ ਉਹ ਉਸ ਦੇ ਜਵਾਬ ’ਚ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ (ਭਾਰਤ ਵੱਲੋਂ) ਕੀਤੀ ਗਈ ਫੌਜੀ ਕਾਰਵਾਈ ਵਰਗਾ ਕਦਮ ਚੁੱਕੇਗੀ। ਸਰਕਾਰ ਦੇ ਇਸ ਫ਼ੈਸਲੇ ਨੂੰ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਦਹਿਸ਼ਤੀ ਘਟਨਾ ਖ਼ਿਲਾਫ਼ ਸਖਤ ਸੁਨੇਹੇ ਵਜੋਂ ਦੇਖਿਆ ਜਾ ਰਿਹਾ ਹੈ।
ਸਰਕਾਰੀ ਸੂਤਰ ਨੇ ਕਿਹਾ, ‘‘ਭਾਰਤ ਵਿੱਚ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਦਹਿਸ਼ਤੀ ਘਟਨਾ ਨੂੰ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ ਤੇ ਉਸ ਦਾ ਉਸੇ ਮੁਤਾਬਕ ਜਵਾਬ ਦਿੱਤਾ ਜਾਵੇਗਾ।’’ ਭਾਰਤ ਤੇ ਪਾਕਿਸਤਾਨ ਵੱਲੋਂ ਇੱਕ ਦੂਜੇ ’ਤੇ ਹਮਲਿਆਂ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਏਜੰਸੀਆਂ ਸਣੇ ਕਈ ਹੋਰਨਾਂ ਉੱਚ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ ਹੋਈ ਵਿਚਾਰ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ 22 ਅਪਰੈਲ ਨੂੰ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ’ਚ 26 ਵਿਅਕਤੀ ਮਾਰੇ ਗਏ ਸਨ। -ਪੀਟੀਆਈ