ਭਾਰਤ ਆਫ਼ਤ ਪ੍ਰਬੰਧਨ ’ਚ ਆਲਮੀ ਪੱਧਰ ’ਤੇ ਮੋਹਰੀ: ਸ਼ਾਹ
ਨਵੀਂ ਦਿੱਲੀ, 16 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਐੱਨਡੀਐੱਮਏ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਸਣੇ ਹੋਰ ਏਜੰਸੀਆਂ ਦੇ ਸ਼ਾਨਦਾਰ ਕੰਮ ਸਦਕਾ ਭਾਰਤ ਆਫ਼ਤ ਪ੍ਰਬੰਧਨ ਵਿੱਚ ਆਲਮੀ ਪੱਧਰ ’ਤੇ ਮੋਹਰੀ ਬਣ ਗਿਆ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਹਤ ਕਮਿਸ਼ਨਰਾਂ ਅਤੇ ਆਫ਼ਤ ਪ੍ਰਤੀਕਿਰਿਆ ਬਲਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ 10 ਸਾਲ ਪਹਿਲਾਂ ਆਫ਼ਤ ਪ੍ਰਬੰਧਨ ਸੰਗਠਨਾਂ ਦਾ ਦ੍ਰਿਸ਼ਟੀਕੋਣ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਸੀ ਅਤੇ 10 ਸਾਲਾਂ ਬਾਅਦ ਟੀਚਾ ਜਾਨੀ ਨੁਕਸਾਨ ਬਿਲਕੁਲ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ, ‘ਜਦੋਂ ਵੀ ਭਾਰਤ ਦੇ ਆਫ਼ਤ ਪ੍ਰਤੀਕਿਰਿਆ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਮੋਦੀ ਸਰਕਾਰ ਦੇ ਪਿਛਲੇ 10 ਸਾਲ ਪਰਿਵਰਤਨਸ਼ੀਲ ਦਹਾਕੇ ਵਜੋਂ ਦਰਜ ਕੀਤੇ ਜਾਣਗੇ। ਇਨ੍ਹਾਂ 10 ਸਾਲਾਂ ਵਿੱਚ ਅਸੀਂ ਸਮਰੱਥਾ, ਕਾਬਲੀਅਤ, ਗਤੀ ਅਤੇ ਸਟੀਕਤਾ ਵਰਗੇ ਚਾਰ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਹਾਸਲ ਕੀਤੀਆਂ ਹਨ।’
ਗ੍ਰਹਿ ਮੰਤਰੀ ਨੇ ਕਿਹਾ ਕਿ ਐੱਨਡੀਐੱਮਏ ਨੇ ਨੀਤੀ, ਵਿਸ਼ਾ ਵਸਤੂ ਢਾਂਚੇ, ਖੋਜ ਕਾਰਜ ਅਚੇ ਸਮੁੱਚੇ ਤਾਲਮੇਲ ਨਾਲ ਸਬੰਧਤ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਹਨ। ਉਨ੍ਹਾਂ ਕਿਹਾ, ‘ਪਿਛਲੇ 10 ਸਾਲਾਂ ਵਿੱਚ ਐੱਨਡੀਐੱਮਏ, ਐੱਨਡੀਆਰਐੱਫ ਅਤੇ ਸੀਡੀਆਰਆਈ (ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ਿਲੀਐਂਟ ਇਨਫਰਾਸਟ੍ਰਕਚਰ) ਨੇ ਭਾਰਤ ਨੂੰ ਆਫ਼ਤ ਪ੍ਰਬੰਧਨ ਵਿੱਚ ਆਲਮੀ ਆਗੂ ਵਜੋਂ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ।’ ਸ਼ਾਹ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਰਾਹਤ ਅਤੇ ਆਫ਼ਤ ਪ੍ਰਬੰਧਨ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਦੀਆਂ ਵਰਕਸ਼ਾਪਾਂ ਅਤੇ ਮੀਟਿੰਗਾਂ ਨੂੰ ਸਰਕਾਰੀ ਪਹੁੰਚ ਨਾਲ ਵਿਚਾਰਾਂ ਦਾ ਇੱਕ ਮੰਚ ਬਣਾਉਣ ਲਈ ਕੰਮ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘ਜਦੋਂ ਸਾਰੀਆਂ ਆਫ਼ਤ ਰਾਹਤ ਟੀਮਾਂ ਦੇ ਮੁਖੀ ਇੱਕ ਮੰਚ ’ਤੇ ਚਰਚਾ ਕਰਦੇ ਹਨ ਤਾਂ ਕਈ ਕਮੀਆਂ ਦੂਰ ਹੋ ਜਾਂਦੀਆਂ ਹਨ ਅਤੇ ਦੇਸ਼ ਨੂੰ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਵਿੱਚ ਵੀ ਫਾਇਦਾ ਹੁੰਦਾ ਹੈ।’
ਗ੍ਰਹਿ ਮੰਤਰੀ ਨੇ ਸੁਝਾਅ ਦਿੱਤਾ ਕਿ ਹਰ ਸਾਲ ਆਫ਼ਤਾਂ ਪ੍ਰਤੀ ਸੰਵੇਦਨਸ਼ੀਲ ਕੁਝ ਜ਼ਿਲ੍ਹਿਆਂ ਅਤੇ ਤਹਿਸੀਲਾਂ ਨੂੰ ਇਸ ਕਾਨਫਰੰਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੌਮੀ ਪੱਧਰ ਦੀ ਆਫ਼ਤ ਪ੍ਰਬੰਧਨ ਯੋਜਨਾ ਹੌਲੀ-ਹੌਲੀ ਤਹਿਸੀਲ ਅਤੇ ਜ਼ਿਲ੍ਹਾ ਪੱਧਰ ’ਤੇ ਵੀ ਪਹੁੰਚ ਸਕੇ। ਇਸ ਦੌਰਾਨ ਉਨ੍ਹਾਂ ਐੱਨਡੀਐੱਮਏ ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ। -ਪੀਟੀਆਈ