ਭਾਰਤੀ ਲੋਕ ਦੇਸ਼ ਨਹੀਂ, ਦਿਲ ਜਿੱਤਣਾ ਚਾਹੁੰਦੇ ਨੇ: ਮੁਰਮੂ
ਲਿਸਬਨ, 8 ਅਪਰੈਲ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਪੁਰਤਗਾਲ ਵਿੱਚ ਭਾਰਤੀ ਖੋਜਾਰਥੀਆਂ ਨਾਲ ਸੰਵਾਦ ਸਮਾਗਮ ਦੌਰਾਨ ਕਿਹਾ ਕਿ ਭਾਰਤੀ ਦੇਸ਼ਾਂ ਨੂੰ ਨਹੀਂ, ਸਗੋਂ ਦਿਲ ਜਿੱਤਣਾ ਚਾਹੁੰਦੇ ਹਨ। ਰਾਸ਼ਟਰਪਤੀ ਨੇ ਭਾਰਤੀ ਖੋਜਾਰਥੀਆਂ ਨੂੰ ਭਾਰਤ ਦੇ ਸਭ ਤੋਂ ਵਧੀਆ ਪ੍ਰਤੀਨਿਧ ਬਣਨ ਲਈ ਕਿਹਾ ਕਿਉਂਕਿ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਦੇਸ਼ ਦੇ ਨਾਮ ਨਾਲ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਧੇ-ਕ੍ਰਿਸ਼ਨਾ ਮੰਦਰ ਵਿੱਚ ਨਤਮਸਤਕ ਹੋਏ।
ਸਮਾਗਮ ਦੌਰਾਨ ਰਾਸ਼ਟਰਪਤੀ ਨੇ ਖੋਜਾਰਥੀਆਂ ਵੱਲੋਂ ਪੁੱਛੇ ਹਰ ਸਵਾਲ ਦਾ ਦਿੱਤਾ। ਉਨ੍ਹਾਂ ਕਿਹਾ, ‘ਮੈਂ ਇੱਕ ਅਜਿਹੇ ਦੇਸ਼ ਵਿੱਚ ਗਈ ਸੀ, ਜਿੱਥੇ ਇੱਕ ਸੀਨੀਅਰ ਆਗੂ ਨੇ ਮੈਨੂੰ ਪੁੱਛਿਆ ਕਿ ਕੀ ਭਾਰਤੀ ਦੁਨੀਆ ਜਿੱਤਣਾ ਚਾਹੁੰਦੇ ਹਨ। ਮੈਂ ਕਿਹਾ ਕਿ ਭਾਰਤੀ ਦੇਸ਼ ਨਹੀਂ, ਸਗੋਂ ਦਿਲ ਜਿੱਤਣਾ ਚਾਹੁੰਦੇ ਹਨ।’ ਭਾਰਤ ਵਿੱਚ ਔਰਤਾਂ ਦੀ ਤਰੱਕੀ ਬਾਰੇ ਪੁੱਛੇ ਜਾਣ ’ਤੇ ਮੁਰਮੂ ਨੇ ਕਿਹਾ ਕਿ ਉਹ ਤਗ਼ਮਾ ਜੇਤੂਆਂ ਮਹਿਲਾਵਾਂ, ਸੀਨੀਅਰ ਮਹਿਲਾ ਅਧਿਕਾਰੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਅਗਵਾਈ ਕਰਨ ਵਾਲੀਆਂ ਔਰਤਾਂ ਨੂੰ ਦੇਖ ਕੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਰਤਗਾਲ ਭਾਰਤ ਦਾ ਚੰਗਾ ਦੋਸਤ ਹੈ ਅਤੇ ਇਸ ਦੇਸ਼ ਦੇ ਲੋਕ ਮਿਲਣਸਾਰ ਹਨ।
ਉਧਰ ਪੁਰਤਗਾਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਰਾਸ਼ਟਰਪਤੀ ਦਰੋਪਤਦੀ ਮੁਰਮੂ ਦੀ ਦੋ ਰੋਜ਼ਾ ਪੁਰਤਗਾਲ ਫੇਰੀ ਦੀ ਸਮਾਪਤੀ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਕੱਤਰ (ਪੱਛਮੀ) ਤਨਮਯਾ ਲਾਲ ਨੇ ਕਿਹਾ ਕਿ ਦੋਵੇਂ ਦੇਸ਼ ਸੰਯੁਕਤ ਰਾਸ਼ਟਰ ਸਣੇ ਬਹੁਪੱਖੀ ਮੰਚਾਂ ’ਤੇ ਸਹਿਯੋਗ ਕਰ ਰਹੇ ਹਨ। -ਪੀਟੀਆਈ