ਭਾਰਤੀ ਫ਼ੌਜਾਂ ਦੇ ਸਨਮਾਨ ’ਚ ਨੌਜਵਾਨਾਂ ਵੱਲੋਂ ਖ਼ਾਲਸਾ ਤਿਰੰਗਾ ਯਾਤਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਈ
ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ ਵਿੱਚ ਸਿੱਖ ਨੌਜਵਾਨਾਂ ਵੱਲੋਂ ਖ਼ਾਲਸਾ ਤਿਰੰਗਾ ਯਾਤਰਾ ਕੱਢੀ ਗਈ ਜਿਸ ਦਾ ਪ੍ਰਬੰਧ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਆਗੂ ਵੀ ਸ਼ਾਮਲ ਹੋਏ।
ਅੱਜ ਇੱਥੇਂ ਦੇ ਤਾਲਕਟੋਰਾ ਸਟੇਡੀਅਮ ਤੋਂ ਤਿਰੰਗਾ ਯਾਤਰਾ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਯਾਤਰਾ ਕਰਤੱਵਿਆ ਮਾਰਗ ਤੋਂ ਹੁੰਦੀ ਹੋਈ ਸਮਾਪਤ ਹੋਈ। ਯਾਤਰਾ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਮੋਟਰਸਾਈਕਲਾਂ ’ਤੇ ਤਿਰੰਗਾ ਲੈ ਕੇ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਦੇਖਿਆ ਗਿਆ। ਕਈ ਨੌਜਵਾਨਾਂ ਨੇ ਭਗਵੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ।
ਮੁੱਖ ਮੰਤਰੀ ਤੋਂ ਇਲਾਵਾ ਉਨ੍ਹਾਂ ਦੇ ਕੈਬਨਿਟ ਸਾਥੀ ਮਨਜਿੰਦਰ ਸਿੰਘ ਸਿਰਸਾ ਅਤੇ ਆਸ਼ੀਸ਼ ਸੂਦ ਵੀ ਯਾਤਰਾ ਵਿੱਚ ਸ਼ਾਮਲ ਹੋਏ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਡੇ ਫੌਜੀ ਪਾਕਿਸਤਾਨ ਵਿੱਚ ਦਾਖਲ ਹੋਏ ਅਤੇ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅਸੀਂ ਇਨ੍ਹਾਂ ਬਹਾਦਰ ਸੈਨਿਕਾਂ ਦੀਆਂ ਮਾਵਾਂ ਨੂੰ ਸਲਾਮ ਕਰਦੇ ਹਾਂ ਅਤੇ ਮੱਥਾ ਟੇਕਦੇ ਹਾਂ। ਸਿਰਸਾ ਵੱਲੋਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਆਲੋਚਨਾ ਵੀ ਕੀਤੀ ਗਈ।
ਰਤੀਆ (ਕੁਲਭੂਸ਼ਨ ਕੁਮਾਰ ਬਾਂਸਲ): ਭਾਰਤੀ ਫੌਜ ਦੀ ਬਹਾਦਰੀ ਨੂੰ ਸਲਾਮ ਕਰਨ ਅਤੇ ਆਮ ਲੋਕਾਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਅੱਜ ਰਤੀਆ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਅਪਰੇਸ਼ਨ ਸਿੰਧੂਰ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਵਜੋਂ ਕੱਢੀ ਗਈ ਸੀ। ਯਾਤਰਾ ਦੀ ਅਗਵਾਈ ਭਾਜਪਾ ਦੀ ਸਾਬਕਾ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ, ਐੱਸਸੀ ਕਮਿਸ਼ਨ ਦੇ ਚੇਅਰਮੈਨ ਰਵਿੰਦਰ ਬਲਿਆਲਾ ਅਤੇ ਭਾਜਪਾ ਮੰਡਲ ਪ੍ਰਧਾਨ ਅੰਕਿਤ ਸਿੰਗਲਾ ਨੇ ਕੀਤੀ। ਯਾਤਰਾ ਅਗਰਵਾਲ ਧਰਮਸ਼ਾਲਾ ਤੋਂ ਸ਼ੁਰੂ ਹੋਈ ਸੀ। ਅਗਰਵਾਲ ਧਰਮਸ਼ਾਲਾ ਤੋਂ ਯਾਤਰਾ ਮੁੱਖ ਬਾਜ਼ਾਰ ਰਾਹੀਂ ਸਥਾਨਕ ਭਗਤ ਸਿੰਘ ਚੌਕ ਤੱਕ ਲਿਜਾਈ ਗਈ। ਇੱਥੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਯਾਤਰਾ ਦੌਰਾਨ, ਹਿੰਦੁਸਤਾਨ ਜ਼ਿੰਦਾਬਾਦ, ਭਾਰਤ ਮਾਤਾ ਕੀ ਜੈ, ਭਾਰਤੀ ਫੌਜ ਜ਼ਿੰਦਾਬਾਦ ਅਤੇ ਅਤਿਵਾਦ ਮੁਰਦਾਬਾਦ ਵਰਗੇ ਨਾਅਰਿਆਂ ਨਾਲ ਮਾਹੌਲ ਦੇਸ਼ ਭਗਤੀ ਨਾਲ ਭਰ ਗਿਆ। ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਹੋਈ ਅਤੇ ਦੇਸ਼ ਭਗਤੀ ਦੇ ਗੀਤਾਂ ਨੇ ਇਸ ਯਾਤਰਾ ਨੂੰ ਇੱਕ ਭਾਵਨਾਤਮਕ ਅਤੇ ਪ੍ਰੇਰਨਾਦਾਇਕ ਅਹਿਸਾਸ ਦਿੱਤਾ।
ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣਗੇ ਮੁੱਖ ਮੰਤਰੀ ਸੈਣੀ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਦੇ ਦਫਤਰ ਇੰਚਾਰਜ ਕੈਲਾਸ਼ ਸੈਣੀ ਨੇ ਕਿਹਾ ਹੈ ਕਿ 22 ਮਈ ਨੂੰ ਲਾਡਵਾ ਸ਼ਹਿਰ ਵਿੱਚ ਨਿਕਲਣ ਵਾਲੀ ਅਪਰੇਸ਼ਨ ਸਿੰਧੂਰ ਤਿਰੰਗਾ ਯਾਤਰਾ ਇਤਿਹਾਸਕ ਤੇ ਯਾਦਗਾਰੀ ਹੋਵੇਗੀ। ਇਸ ਯਾਤਰਾ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਿਰਕਤ ਕਰਨਗੇ। ਇਹ ਤਿਰੰਗਾ ਯਾਤਰਾ ਵਿਚ ਪਹਿਲਗਾਮ ਵਿਚ ਹੋਈ ਅਤਿਵਾਦੀ ਘਟਨਾ ਦੌਰਾਨ ਮਾਰੇ ਗਏ ਨਾਗਰਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਕੈਲਾਸ਼ ਸੈਣੀ ਨੇ ਰਾਮ ਕੁੰਡੀ ਧਰਮਸ਼ਾਲਾ ਵਿੱਚ ਅਪਰੇਸ਼ਨ ਸਿੰਧੂਰ ਦੀਆਂ ਤਿਆਰੀਆਂ ਦੌਰਾਨ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨਾਂ ਕਿਹਾ ਕਿ ਇਹ ਤਿਰੰਗਾ ਯਾਤਰਾ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਰਾਮਾ ਕੁੰਡੀ ਚੌਕ, ਮੇਨ ਬਾਜ਼ਾਰ ਤੋਂ ਹੁੰਦੇ ਹੋਏ ਸੰਗਮ ਮਾਰਕੀਟ, ਭਗਵਾਨ ਲਕਸ਼ਮੀ ਨਰਾਇਣ ਧਾਮ ਦੇ ਸਾਹਮਣੇ ਮਦਨ ਢੀਂਗੜਾ ਚੌਕ, ਇੰਦਰੀ ਹਿਨੌਰੀ ਰੋਡ ਤੋਂ ਇੰਦਰੀ ਚੌਕ ਤੋਂ ਹੁੰਦੇ ਹੋਏ ਰਾਮਾ ਕੁੰਡੀ ਚੌਕ ’ਤੇ ਸਮਾਪਤ ਹੋਵੇਗੀ। ਇਸ ਮੌਕੇ ਐੱਸਡੀਐਮ ਪੰਕਜ ਸੇਤੀਆ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਨਗਰ ਪਾਲਿਕਾ ਪ੍ਰਧਾਨ ਸਾਕਸ਼ੀ ਖੁਰਾਣਾ, ਮੰਡਲ ਪ੍ਰਧਾਨ ਨਰਿੰਦਰ ਸਿੰਘ, ਸ਼ਿਵ ਗੁਪਤਾ ਹਾਜ਼ਰ ਸਨ।