ਭਾਰਤੀ ਜੂਨੀਅਰ ਹਾਕੀ ਟੀਮ ਚਾਰ ਦੇਸ਼ੀ ਟੂਰਨਾਮੈਂਟ ਲਈ ਬਰਲਿਨ ਰਵਾਨਾ
ਨਵੀਂ ਦਿੱਲੀ, 18 ਜੂਨ
ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ 21 ਤੋਂ 25 ਜੂਨ ਤੱਕ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅੱਜ ਬਰਲਿਨ ਰਵਾਨਾ ਹੋ ਗਈ ਹੈ। ਇਹ ਟੂਰਨਾਮੈਂਟ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਹੈ। ਕਪਤਾਨ ਅਰਾਇਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਭਾਰਤੀ ਟੀਮ ਅੱਜ ਸਵੇਰੇ ਬੰਗਲੂਰੂ ਤੋਂ ਰਵਾਨਾ ਹੋਈ। ਆਮਿਰ ਅਲੀ ਟੀਮ ਦਾ ਉਪ-ਕਪਤਾਨ ਹੈ। ਟੀਮ 21 ਜੂਨ ਨੂੰ ਮੇਜ਼ਬਾਨ ਜਰਮਨੀ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਫਿਰ ਭਾਰਤੀ ਟੀਮ 22 ਜੂਨ ਨੂੰ ਆਸਟਰੇਲੀਆ ਖ਼ਿਲਾਫ਼ ਭਿੜੇਗੀ ਅਤੇ ਰਾਊਂਡ ਰੌਬਿਨ ਗੇੜ ਦੇ ਆਪਣੇ ਆਖਰੀ ਮੈਚ ਵਿੱਚ ਸਪੇਨ ਖ਼ਿਲਾਫ਼ ਖੇਡੇਗੀ। ਸਾਰੇ ਮੈਚ ਬਰਲਿਨ ਵਿੱਚ ਹੋਣਗੇ। ਸਿਖਰਲੀਆਂ ਦੋ ਟੀਮਾਂ ਖਿਤਾਬ ਲਈ ਮੁਕਾਬਲਾ ਕਰਨਗੀਆਂ, ਜਦਕਿ ਬਾਕੀ ਦੋ ਤੀਜੇ ਸਥਾਨ ਦੇ ਪਲੇਅਆਫ ਵਿੱਚ ਖੇਡਣਗੀਆਂ।
ਜਰਮਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਹੁੰਦਲ ਨੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲੇ ਇਸ ਟੂਰਨਾਮੈਂਟ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਹ ਵਿਸ਼ਵ ਕੱਪ 28 ਨਵੰਬਰ ਤੋਂ 10 ਦਸੰਬਰ ਤੱਕ ਚੇਨੱਈ ਅਤੇ ਮਦੁਰਾਈ ਵਿੱਚ ਖੇਡਿਆ ਜਾਵੇਗਾ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਹੁੰਦਲ ਨੇ ਕਿਹਾ, ‘ਇਹ ਟੂਰਨਾਮੈਂਟ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ 2025 ਤੋਂ ਪਹਿਲਾਂ ਸਾਡੇ ਲਈ ਬਹੁਤ ਅਹਿਮ ਹੈ। ਹੁਣ ਸਿਰਫ਼ ਕੁਝ ਮਹੀਨੇ ਬਾਕੀ ਹਨ, ਇਹ ਸਾਡੇ ਲਈ ਆਪਣੀ ਤਾਕਤ ਦਾ ਮੁਲਾਂਕਣ ਕਰਨ ਅਤੇ ਸੁਧਾਰ ਦੇ ਖੇਤਰਾਂ ਦੀ ਪਛਾਣ ਕਰਨ ਦਾ ਵਧੀਆ ਮੌਕਾ ਹੈ। ਟੂਰਨਾਮੈਂਟ ਵਿੱਚ ਅਸੀਂ ਕੁੱਝ ਬਿਹਤਰੀਨ ਟੀਮਾਂ ਦਾ ਸਾਹਮਣਾ ਕਰਾਂਗੇ, ਜਿਸ ਨਾਲ ਸਾਨੂੰ ਆਪਣੀ ਤਾਕਤ ਪਰਖਣ ਅਤੇ ਵੱਖ-ਵੱਖ ਰਣਨੀਤੀਆਂ ਅਜ਼ਮਾਉਣ ਦਾ ਮੌਕਾ ਮਿਲੇਗਾ।’ ਆਮਿਰ ਅਲੀ ਨੇ ਕਿਹਾ, ‘ਇਹ ਟੂਰਨਾਮੈਂਟ ਸਾਨੂੰ ਨਵੰਬਰ ਵਿੱਚ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਕਮੀਆਂ ਸੁਧਾਰਨ ਦਾ ਮੌਕਾ ਦੇਵਾਗਾ।’ -ਪੀਟੀਆਈ