ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕਿਸਾਨੀ ਮਸਲੇ ਵਿਚਾਰੇ
ਗੁਰਿੰਦਰ ਸਿੰਘ
ਲੁਧਿਆਣਾ, 10 ਦਸੰਬਰ
ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਕੇ ਦੇਸ਼ ਨੂੰ ਤਬਾਹੀ ਵੱਲ ਧੱਕਣ ਤੋਂ ਬਾਜ਼ ਆਉਣ ਨਹੀਂ ਤਾਂ ਇਸਦੇ ਸਿੱਟੇ ਗੰਭੀਰ ਨਿਕਲਣਗੇ। ਅੱਜ ਇੱਥੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਯੂਨੀਅਨ ਦੇ ਕਾਰਜਕਾਰੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਕਿਸਾਨੀ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ। ਮੀਟਿੰਗ ਸਬੰਧੀ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੇ ਖਤਮ ਹੋਣ ਮੌਕੇ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਸਰਕਾਰ ਹੁਣ ਪੂਰੀ ਤਰ੍ਹਾਂ ਨਾਲ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅਡਾਨੀਆਂ ਅਤੇ ਅੰਬਾਨੀਆਂ ਵਰਗੇ ਵੱਡੇ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਤੇ ਖੇਤੀ ਬਾੜੀ ਤੇ ਇਨ੍ਹਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਵਾਲੇ ਨਿਹੱਥੇ ਕਿਸਾਨਾਂ ਤੇ ਲਾਠੀਚਾਰਜ ਤੇ ਹੰਝੂ ਗੈਸਾਂ ਦੇ ਗੋਲੇ ਦਾਗੇ ਜਾ ਰਹੇ ਹਨ ਜਦਕਿ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਸਪੱਸ਼ਟ ਆਦੇਸ਼ ਦਿੱਤਾ ਹੈ ਕਿ ਜੇਕਰ ਕਿਸਾਨ ਪੈਦਲ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਾ ਰੋਕਿਆ ਜਾਵੇ ਪਰ ਹਰਿਆਣਾ ਤੇ ਕੇਂਦਰ ਸਰਕਾਰ ਨੇ ਸ਼ੰਭੂ ਬਾਰਡਰ ’ਤੇ ਪੂਰੀ ਤਰ੍ਹਾਂ ਕਿਲੇਬੰਦੀ ਕਰ ਰੱਖੀ ਹੈ। ਉਨ੍ਹਾਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ਼ ਆਉਣ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਾ ਰੋਕਣ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਯੂਰੀਆ ਖਾਦ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰੂਪ ਸਿੰਘ ਰਾਮਾ ਤੇ ਨਿਰਮਲ ਸਿੰਘ ਝੰਡੂਕੇ ਨੇ ਲੁਧਿਆਣਾ ਸਥਿਤ ਬੁੱਢਾ ਨਾਲ਼ਾ ਵਿੱਚ ਕੈਮੀਕਲ ਫੈਕਟਰੀਆਂ, ਡਾਇੰਗ ਯੂਨਿਟਾਂ ਤੇ ਡੇਅਰੀਆਂ ਵੱਲੋਂ ਟਰੀਟ ਕੀਤਾ ਪਾਣੀ ਪਾ ਕੇ ਇਸਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ ਜੋ ਕੈਂਸਰ ਸਮੇਤ ਕਈ ਭਿਆਨਕ ਬਿਮਾਰੀਆਂ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਣੇ ਅਤੇ ਜਲਦੀ ਤੋਂ ਜਲਦੀ ਇਸ ਬੁੱਢੇ ਨਾਲੇ ਦੇ ਪਾਣੀ ਨੂੂੰ ਸਾਫ਼ ਕਰਨ ਦਾ ਉਪਰਾਲਾ ਕਰੇ ਤਾਂ ਜੋ ਲੋਕਾਂ ਦੀ ਸਿਹਤ ਉੱਪਰ ਇਸ ਦਾ ਮਾੜਾ ਅਸਰ ਨਾ ਪਵੇ। ਇਸ ਮੌਕੇ ਰਣਜੀਤ ਸਿੰਘ ਰੁਟੈਂਡਾ ਅਤੇ ਬਲਦੇਵ ਸਿੰਘ ਪੂਨੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜਸਥਾਨ ਦੀ ਤਰਜ ’ਤੇ ਹਰ ਕਿਸਾਨ ਨੂੰ ਖਸਖਸ ਦੀ ਖੇਤੀ ਦੇ ਪਟੇ ਦਿੱਤੇ ਜਾਣ। ਇਸ ਨਾਲ ਕਿਸਾਨ ਵੀ ਖੁਸ਼ਹਾਲ ਹੋ ਜਾਣਗੇ ਤੇ ਪੰਜਾਬ ਅੰਦਰ ਜੋ ਨਸ਼ਿਆਂ (ਚਿੱਟੇ) ਦਾ ਸਮੁੰਦਰ ਵੱਗਦਾ ਹੈ ਉਸ ਨੂੰ ਰੋਕਣ ਵਿੱਚ ਖਸਖਸ ਦੀ ਖੇਤੀ ਸਹਾਈ ਹੋਵੇਗੀ। ਸਿਮਰਨਜੀਤ ਸਿੰਘ ਘੁੱਦੂਵਾਲਾ ਤੇ ਜਸਵੰਤ ਸਿੰਘ ਬੀਜਾ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਸਰਕਾਰ ਵੱਲੋਂ ਦਰਜ ਪਰਚੇ ਜਾਂ ਫਰਦ ਵਿੱਚ ਲਾਲ ਐਂਟਰੀਆਂ ਫੌਰੀ ਤੌਰ ’ਤੇ ਵਾਪਸ ਲੈਣ ਦੀ ਮੰਗ ਕੀਤੀ ਹੈ। ਮੀਟਿੰਗ ਵਿੱਚ ਮੁਖਤਿਆਰ ਸਿੰਘ ਦੀਨਾ ਸਾਹਿਬ, ਹਰਦਿਆਲ ਸਿੰਘ ਹਾਜ਼ਰ ਸਨ।