ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅਮਰੀਕਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 17 ਜੂਨ
ਇਜ਼ਰਾਇਲ ਤੇ ਅਮਰੀਕਾ ਵੱਲੋਂ ਫ਼ਲਸਤੀਨ ਖ਼ਿਲਾਫ਼ ਵਿੱਢੀ ਜੰਗ ਵਿਰੁੱਧ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਪਾਰਟੀ ਦੇ ਝੰਡੇ ਤੇ ਹੱਥਾਂ ਵਿੱਚ ਜੰਗ ਵਿਰੋਧੀ ਤਖ਼ਤੀਆਂ ਪਕੜ ਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ।
ਭਾਈ ਬਾਲਾ ਚੌਕ ਵਿੱਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਕੋਲ ਘੰਟਿਆਂ ਬੱਧੀ ਮੁਜਾਹਰਾਕਾਰੀਆਂ ਨਮਨੇ ਅਮਨ ਦੀ ਮੰਗ ਦੇ ਨਾਹਰੇ ਲਗਾਉਂਦਿਆਂ ਇਜ਼ਰਾਈਲ ਤੇ ਅਮਰੀਕਾ ਦੀ ਨਿੰਦਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਤੇ ਉੱਘੇ ਬੁੱਧੀਜੀਵੀ ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਇਹ ਫ਼ਲਸਤੀਨ ਵਿਰੁੱਧ ਵਿੱਢੀ ਨਿਹੱਕੀ ਤੇ ਅਸਾਵੀਂ ਜੰਗ ਬੰਦ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਜ਼ਰਾਈਲ ਤੇ ਅਮਰੀਕਾ ਮਿਲ ਕੇ ਫ਼ਲਸਤੀਨ ਦਾ ਨਸਲਘਾਤ ਤੇ ਉਜਾੜਾ ਕਰ ਰਹੇ ਹਨ। ਇਸ ਜੰਗ ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਤੇ ਬਿਮਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਇਨਸਾਨੀਅਤ ਦੇ ਨਾਮ ਉੱਪਰ ਧੱਬਾ ਹੈ।
ਉਨ੍ਹਾਂ ਫ਼ਲਸਤੀਨ ਦੀ ਅਜ਼ਾਦ ਦੇਸ਼ ਵਜੋਂ ਮਾਨਤਾ ਦੀ ਮੰਗ ਕਰਦਿਆਂ ਕਿਹਾ ਕਿ ਯੂਐਨਓ ਦਾ 1948 ਦਾ ਮਤਾ ਲਾਗੂ ਕਰਕੇ ਅਮਨ ਦੀ ਬਹਾਲੀ ਕੀਤੀ ਜਾਵੇ। ਉਨ੍ਹਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਜੰਗ ਦੇ ਵਿਰੋਧ ਵਿੱਚ ਵੋਟ ਨਾ ਪਾਕੇ ਅਮਨ ਪਸੰਦ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਰਾਹਤ ਕਾਰਜਾਂ ਵਿੱਚ ਪਾਏ ਜਾ ਰਹੇ ਅੜਿੱਕਿਆ ਦੀ ਨਿੰਦਾ ਵੀ ਕੀਤੀ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ, ਸੂਬਾਈ ਆਗੂਆਂ ਪ੍ਰੋ. ਸੁਰਿੰਦਰ ਕੌਰ, ਘਣਸ਼ਾਮ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਸੰਸਾਰ ਅਮਨ ਦੀ ਗੱਲ ਕਰਦਿਆਂ ਇਸ ਜੰਗ ਨੂੰ ਬੰਦ ਕਰਨ ਦੀ ਮੰਗ ਦੁਹਰਾਈ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਵਿੱਤੀ ਘਾਟਿਆਂ ਦੀ ਪੂਰਤੀ ਲਈ ਸੰਸਾਰ ਨੂੰ ਜੰਗ ਦੀ ਭੱਠੀ ਵਿੱਚ ਝੋਕ ਰਿਹਾ ਹੈ ਪਰ ਅਮਨ ਪਸੰਦ ਲੋਕ ਅਮਰੀਕਾ ਦੀਆਂ ਇਨ੍ਹਾਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦੇਣਗੇ। ਇਸ ਮੌਕੇ ਗੁਰਦੀਪ ਸਿੰਘ ਕਲਸੀ, ਮਾ. ਦਰਸ਼ਨ ਸਿੰਘ ਸਾਇਆ, ਮਲਕੀਤ ਸਿੰਘ ਹੇਰਾਂ, ਤਹਿਸੀਲਦਾਰ ਯਾਦਵ, ਕਰਮਜੀਤ ਕੌਰ, ਹਰਵਿੰਦਰ ਕੌਰ ਗਰੇਵਾਲ, ਅਮਰਜੀਤ ਸਿੰਘ ਸਹਿਜਾਦ, ਚਮਨ ਲਾਲ, ਲਛਮਣ ਸਿੰਘ ਕੂੰਮਕਲਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਵੀ ਹਾਜ਼ਰ ਸਨ।