ਭਾਰਤੀ ਆਰਥਿਕਤਾ ’ਚ ਤੇਜ਼ੀ ਬਰਕਰਾਰ ਰਹੇਗੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਕਿਹਾ ਕਿ ਮੁਲਕ ਵਿੱਤੀ ਵਰ੍ਹੇ 2025-26 ’ਚ ਵੀ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰਮੁੱਖ ਅਰਥਚਾਰਾ ਬਣਿਆ ਰਹੇਗਾ। ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ’ਚ ਕਿਹਾ ਕਿ ਕੇਂਦਰੀ ਬੈਂਕ ਦੀ ਬੈਲੈਂਸ ਸ਼ੀਟ ਵਧ ਕੇ 76.25 ਲੱਖ ਕਰੋੜ ਰੁਪਏ ਹੋ ਗਈ ਹੈ ਜਿਸ ’ਚ ਵਿਦੇਸ਼ੀ ਲੈਣ-ਦੇਣ ਦਾ ਕਰੀਬ 33 ਫ਼ੀਸਦੀ ਯੋਗਦਾਨ ਵੀ ਸ਼ਾਮਲ ਹੈ। ਇਸ ਕਾਰਨ ਆਰਬੀਆਈ ਨੇ ਕੇਂਦਰ ਸਰਕਾਰ ਨੂੰ ਬੰਪਰ 2.7 ਲੱਖ ਕਰੋੜ ਰੁਪਏ ਦਾ ਲਾਭਅੰਸ਼ (ਡਿਵੀਡੈਂਡ) ਦਿੱਤਾ ਹੈ। ਆਰਬੀਆਈ ਦੀ ਰਿਪੋਰਟ ’ਚ ਆਲਮੀ ਵਿੱਤੀ ਬਾਜ਼ਾਰ ’ਚ ਅਸਥਿਰਤਾ, ਭੂ-ਸਿਆਸੀ ਤਣਾਅ, ਵਪਾਰ ਵੰਡ, ਸਪਲਾਈ-ਚੇਨ ਅੜਿੱਕਿਆਂ ਅਤੇ ਜਲਵਾਯੂ ਸਬੰਧੀ ਚੁਣੌਤੀਆਂ ਕਾਰਨ ਪੈਦਾ ਬੇਯਕੀਨੀ ਦੇ ਮਾਹੌਲ ਨੂੰ ਵਿਕਾਸ ਲਈ ਨਾਂਹ-ਪੱਖੀ ਜੋਖਮ ਅਤੇ ਮਹਿੰਗਾਈ ਦੇ ਨਜ਼ਰੀਏ ਲਈ ਹਾਂ-ਪੱਖੀ ਪੱਖ ਵਜੋਂ ਉਭਾਰਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਟੈਕਸ ਨੀਤੀਆਂ ’ਚ ਬਦਲਾਅ ਦੇ ਸਿੱਟੇ ਵਜੋਂ ਵਿੱਤੀ ਬਾਜ਼ਾਰਾਂ ’ਚ ਕਿਤੇ-ਕਿਤੇ ਅਸਥਿਰਤਾ ਦਾ ਅਸਰ ਦਿਖ ਸਕਦਾ ਹੈ ਅਤੇ ਬਰਾਮਦਗੀ ਨੂੰ ਅੰਤਰਮੁਖੀ ਨੀਤੀਆਂ ਤੇ ਟੈਕਸ ਜੰਗਾਂ ਕਾਰਨ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਰਬੀਆਈ ਨੇ ਕਿਹਾ ਕਿ ਭਾਰਤ ਦੇ ਵਪਾਰ ਸਮਝੌਤਿਆਂ ’ਤੇ ਦਸਤਖ਼ਤ ਅਤੇ ਵਾਰਤਾ ਕਰਨ ਨਾਲ ਇਨ੍ਹਾਂ ਪ੍ਰਭਾਵਾਂ ਨੂੰ ਸੀਮਤ ਕਰਨ ’ਚ ਸਹਾਇਤਾ ਮਿਲੇਗੀ। ਆਰਬੀਆਈ ਨੇ ਕਿਹਾ ਕਿ ਕਰਜ਼ ਖਾਤਿਆਂ ਅਤੇ ਡਿਜੀਟਲ ਭੁਗਤਾਨ ਨਾਲ ਸਬੰਧਤ ਧੋਖਾਧੜੀ ਦੇ ਮਾਮਲਿਆਂ ’ਚ ਕੁੱਲ ਰਕਮ ਪਿਛਲੇ ਵਿੱਤੀ ਵਰ੍ਹੇ ’ਚ ਵਧ ਕੇ ਤਿੰਨ ਗੁਣਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ 122 ਕੇਸਾਂ ਦਾ ਪੁਨਰਵਰਗੀਕਰਨ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ 2024-25 ’ਚ ਧੋਖਾਧੜੀ ਵਾਲੀ ਰਕਮ ਵਧ ਕੇ 36,014 ਕਰੋੜ ਰੁਪਏ ਹੋ ਗਈ ਜੋ ਵਿੱਤੀ ਵਰ੍ਹੇ 2023-24 ’ਚ ਕਰੀਬ 12,230 ਕਰੋੜ ਰੁਪਏ ਸੀ। ਉਂਝ ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਪਿਛਲੇ ਵਿੱਤੀ ਵਰ੍ਹੇ ’ਚ ਘਟ ਕੇ 23,953 ਰਹਿ ਗਈ ਜੋ 2023-24 ’ਚ 36,060 ਸੀ। ਰਿਜ਼ਰਵ ਬੈਂਕ ਨੇ ਪਿਛਲੇ ਵਿੱਤੀ ਵਰ੍ਹੇ ’ਚ ਕਰੰਸੀ ਨੋਟਾਂ ਦੀ ਛਪਾਈ ’ਤੇ 6,372.82 ਕਰੋੜ ਰੁਪਏ ਖ਼ਰਚੇ ਜੋ ਬੀਤੇ ਵਰ੍ਹੇ ਨਾਲੋਂ 25 ਫ਼ੀਸਦੀ ਵੱਧ ਹੈ। -ਪੀਟੀਆਈ
ਆਰਬੀਆਈ ਕੋਲ 4.32 ਲੱਖ ਕਰੋੜ ਰੁਪਏ ਦਾ ਸੋਨਾ
Advertisementਮੁੰਬਈ: ਭਾਰਤੀ ਰਿਜ਼ਰਵ ਬੈਂਕ ਕੋਲ 31 ਮਾਰਚ, 2025 ਤੱਕ ਸੋਨੇ ਦਾ ਮੁੱਲ 57.12 ਫ਼ੀਸਦ ਵਧ ਕੇ 4,31,624.8 ਕਰੋੜ ਰੁਪਏ ਹੋ ਗਿਆ ਹੈ। ਇਸ ਦਾ ਮੁੱਖ ਕਾਰਨ ਸੋਨੇ ਦੀ ਮਾਤਰਾ ’ਚ 54.13 ਟਨ ਦਾ ਵਾਧਾ ਅਤੇ ਉਸ ਦੀਆਂ ਕੀਮਤਾਂ ’ਚ ਉਛਾਲ ਰਿਹਾ। ਬੈਂਕਿੰਗ ਵਿਭਾਗ ਦੀ ਸੰਪਤੀ ਵਜੋਂ ਰੱਖੇ ਗਏ ਸੋਨੇ ਦੀ ਕੀਮਤ 31 ਮਾਰਚ, 2024 ਤੱਕ 2,74,714.27 ਕਰੋੜ ਰੁਪਏ ਸੀ। ਕੇਂਦਰੀ ਬੈਂਕ ਕੋਲ ਇਸ ਵਰ੍ਹੇ 31 ਮਾਰਚ ਤੱਕ ਕੁੱਲ 879.58 ਟਨ ਸੋਨਾ ਸੀ। -ਪੀਟੀਆਈ