ਭਾਦੋਂ ਦੇ ਛਰਾਟਿਆਂ ਨੇ ਦਿਵਾਈ ਗਰਮੀ ਤੋਂ ਰਾਹਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਸਤੰਬਰ
ਇਲਾਕੇ ’ਚ ਅੱਜ ਹੋਈ ਭਾਰੀ ਬਾਰਸ਼ ਨੇ ਸ਼ਹਿਰ ਜਲਥਲ ਕਰ ਦਿੱਤਾ ਹੈ ਅਤੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੱਜ ਹੋਈ ਭਾਰੀ ਬਾਰਸ਼ ਨਾਲ ਪਿਛਲੇ ਕਈ ਦਿਨਾਂ ਤੋਂ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ ਹੈ। ਭਾਰੀ ਬਾਰਸ਼ ਨਾਲ ਸ਼ਹਿਰ ਦੇ ਬਾਜ਼ਾਰ, ਤਹਿਸੀਲ ਕੰਪਲੈਕਸ, ਅਨੇਕਾਂ ਜਨਤਕ ਥਾਵਾਂ ਅਤੇ ਕਲੋਨੀਆਂ ’ਚ ਪਾਣੀ ਭਰ ਗਿਆ ਹੈ ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਅੱਜ ਸਵੇਰ ਤੋਂ ਹੀ ਆਸਮਾਨ ’ਚ ਕਾਲੀਆਂ ਘਟਾਵਾਂ ਚੜ੍ਹੀਆਂ ਹੋਈਆਂ ਸਨ ਅਤੇ ਕਰੀਬ ਦਸ ਕੁ ਵਜੇ ਤੇਜ਼ ਬਾਰਸ਼ ਸ਼ੁਰੂ ਹੋ ਗਈ ਜੋ ਕਰੀਬ ਡੇਢ-ਦੋ ਘੰਟੇ ਤੱਕ ਜਾਰੀ ਰਹੀ। ਐਸਡੀਐਮ ਕੰਪਲੈਕਸ ’ਚ ਪਾਣੀ ਦਾਖਲ ਹੋ ਗਿਆ ਜਿਸ ਨਾਲ ਦਫ਼ਤਰੀ ਮੁਲਾਜ਼ਮਾਂ ਅਤੇ ਕੰਮ ਕਰਾਉਣ ਆਉਂਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਧੂਰੀ ਗੇਟ ਬਜ਼ਾਰ ਨੂੰ ਜਾਂਦੀ ਸੜਕ ਜਲਥਲ ਹੋ ਗਈ ਜਿਸ ਉਪਰ ਗੋਡੇ-ਗੋਡੇ ਪਾਣੀ ਭਰ ਗਿਆ ਹੈ। ਸ਼ਹਿਰ ਦੇ ਰਣਬੀਰ ਕਲੱਬ ਰੋਡ, ਬੀਐਸਐਨਐਲ ਰੋਡ, ਰੇਲਵੇ ਚੌਕ-ਰੈਸਟ ਹਾਊਸ ਰੋਡ, ਕੌਲਾ ਪਾਰਕ ਮਾਰਕੀਟ , ਸਿਵਲ ਹਸਪਤਾਲ ਕੰਪਲੈਕਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਪਾਣੀ-ਪਾਣੀ ਨਜ਼ਰ ਆ ਰਿਹਾ ਹੈ। ਸ਼ਹਿਰ ਦੀ ਪ੍ਰੇਮ ਬਸਤੀ ਦੀਆਂ ਗਲੀਆਂ ਪਾਣੀ ’ਚ ਡੁੱਬ ਚੁੱਕੀਆਂ ਹਨ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ। ਸ਼ਹਿਰ ਦੀਆਂ ਹੋਰ ਕਈ ਕਲੋਨੀਆਂ ਦੀਆਂ ਗਲੀਆਂ ਜਲਥਲ ਨਜ਼ਰ ਆਈਆਂ। ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲ ਕੇ ਬਾਜ਼ਾਰ ਜਾਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ’ਚੋਂ ਗੁਜ਼ਰਨਾ ਪੈ ਰਿਹਾ ਸੀ। ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਸ਼ਹਿਰ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ’ਤੇ ਸਵਾਲ ਉਠਾਏ। ਇਲਾਕੇ ’ਚ ਹੋਈ ਭਾਰੀ ਬਾਰਸ਼ ਨਾਲ ਖੇਤ ਵੀ ਜਲਥਲ ਹੋ ਗਏ ਹਨ ਅਤੇ ਝੋਨੇ ਦੇ ਖੇਤਾਂ ’ਚ ਵੱਟਾਂ ਉਪਰ ਦੀ ਪਾਣੀ ਫ਼ਿਰ ਗਿਆ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਦਾ ਕਹਿਣਾ ਹੈ ਕਿ ਅੱਜ ਦੀ ਬਾਰਸ਼ ਝੋਨੇ ਦੀ ਫਸਲ ਲਈ ਫਾਇਦੇਮੰਦ ਹੈ ਜਿਸ ਨਾਲ ਝੋਨੇ ਦੀ ਫਸਲ ਨੂੰ ਪੱਤਾ ਲਪੇਟ ਦੀ ਬਿਮਾਰੀ ਤੋਂ ਰਾਹਤ ਮਿਲੇਗੀ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਕਈ ਦਿਨ ਭਾਰੀ ਗਰਮੀ ਪੈਣ ਤੋਂ ਬਾਅਦ ਅੱਜ ਦੇਵੀਗੜ੍ਹ ਇਲਾਕੇ ਵਿੱਚ 3 ਘੰਟੇ ਭਾਰੀ ਮੀਂਹ ਪਿਆ। ਮੀਂਹ ਨਾਲ਼ ਲੋਕਾਂ ਨੂੰ ਪੈ ਰਹੀ ਭਾਰੀ ਗਰਮੀ ਤੋਂ ਕੁਝ ਨਿਜਾਤ ਮਿਲੀ ਹੈ। ਮੀਂਹ ਨਾਲ ਨੀਵੇਂ ਇਲਾਕੇ ਅਤੇ ਝੋਨੇ ਦੇ ਖੇਤ ਨੱਕੋ ਨੱਕ ਭਰ ਗਏ ਹਨ।
ਧੂਰੀ (ਪਵਨ ਕੁਮਾਰ ਵਰਮਾ): ਸ਼ਹਿਰ ਵਿੱਚ ਅੱਜ ਪਏ ਭਰਵੇਂ ਮੀਂਹ ਨੇ ਧੂਰੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਭਾਵੇਂ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਜ਼ਰੂਰ ਮਿਲੀ ਪਰ ਭਰਵੇਂ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਨ ਦੇ ਨਾਲ-ਨਾਲ ਧੂਰੀ ਨਗਰ ਕੌਂਸਲ ਦੇ ਦਫਤਰ ਅੱਗੇ ਵੀ ਪਾਣੀ ਜਮ੍ਹਾਂ ਹੋ ਗਿਆ।
ਜਾਣਕਾਰੀ ਮੁਤਾਬਕ ਸਥਾਨਕ ਲੋਹਾ ਬਾਜ਼ਾਰ, ਡਬਲ ਰੇਲਵੇ ਫਾਟਕ ਰੋਡ, ਕ੍ਰਾਂਤੀ ਚੌਕ, ਤਹਿਸੀਲ ਮੁਹੱਲਾ, ਅੰਬੇਡਕਰ ਚੌਕ, ਪੰਜਾਹ ਫੁੱਟੀ ਸੜਕ, ਪੁਰਾਣੀ ਅਨਾਜ ਮੰਡੀ, ਥਾਣਾ ਸਿਟੀ ਧੂਰੀ ਦੇ ਸਾਹਮਣੇ ਵਾਲੇ ਬਾਜ਼ਾਰ ਸਮੇਤ ਹੋਰ ਕਈ ਇਲਾਕਿਆ ਵਿੱਚ ਪਾਣੀ ਖੜ ਗਿਆ ਹੈ।