ਭਾਜਪਾ ਵੱਲੋਂ ਅਪਰੇਸ਼ਨ ‘ਸਿੰਧੂਰ’ ਦੀ ਸਫ਼ਲਤਾ ’ਤੇ ਤਿਰੰਗਾ ਯਾਤਰਾ
ਗੁਰਿੰਦਰ ਸਿੰਘ
ਲੁਧਿਆਣਾ, 17 ਮਈ
ਭਾਰਤੀ ਜਨਤਾ ਪਾਰਟੀ ਵੱਲੋਂ ਅਪਰੇਸ਼ਨ ‘ਸਿੰਧੂਰ’ ਦੀ ਸਫ਼ਲਤਾ ਤੇ ਅੱਜ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਸੈਂਕੜੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਯਾਤਰਾ ਦੌਰਾਨ ਵਰਕਰਾਂ ਵੱਲੋਂ ਤਿਰੰਗੇ ਝੰਡੇ ਲਹਿਰਾਏ ਜਾ ਰਹੇ ਸਨ ਅਤੇ ਵੰਦੇ ਮਾਤਰਮ, ਭਾਰਤ ਮਾਤਾ ਕੀ ਜੈ ਅਤੇ ਜੈ ਹਿੰਦ ਦੇ ਨਾਅਰੇ ਗੁੰਜਾਏ ਜਾ ਰਹੇ ਸਨ। ਭਾਰਤੀ ਜਨਤਾ ਪਾਰਟੀ ਵੱਲੋਂ ਰਾਸ਼ਟਰੀ ਸੁਰੱਖਿਆ ਮੰਚ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਕੱਢੀ ਗਈ ਯਾਤਰਾ ਵਿੱਚ ਬੱਚੇ, ਬਜ਼ੁਰਗ, ਔਰਤਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਤਿਰੰਗਾ ਯਾਤਰਾ ਆਰਤੀ ਸਿਨੇਮਾ ਚੌਂਕ ਤੋਂ ਸ਼ੁਰੂ ਹੋ ਕੇ ਘੁਮਾਰ ਮੰਡੀ ਚੌਂਕ ਸਮਾਪਤ ਹੋਈ ਜਿੱਥੇ ਹੋਈ ਰੈਲੀ ਨੂੰ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਗਾਮ ਹਮਲੇ ਵਿੱਚ ਨਿਰਦੋਸ਼ਾਂ ਦੇ ਕਤਲਾਂ ਦੇ ਜਵਾਬ ਵਿੱਚ ਕੀਤੇ ਗਏ ਸਫ਼ਲ ਅਪਰੇਸ਼ਨ ਸਿੰਧੂਰ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅਨਿਲ ਸਰੀਨ, ਜਤਿੰਦਰ ਮਿੱਤਲ, ਰੇਨੂ ਥਾਪਰ, ਗੁਰਦੇਵ ਸ਼ਰਮਾ ਦੇਬੀ, ਜੀਵਨ ਗੁਪਤਾ, ਪਰਵੀਨ ਬਾਂਸਲ, ਪੁਸ਼ਪਿੰਦਰ ਸਿੰਗਲ, ਡਾ. ਡੀਪੀ ਖੋਸਲਾ, ਪਰਮਿੰਦਰ ਮਹਿਤਾ ਅਤੇ ਡਾ. ਸਤੀਸ਼ ਕੁਮਾਰ ਨੇ ਭਾਰਤ ਸਰਕਾਰ ਦੀ ਕਾਰਵਾਈ ਦੀ ਸ਼ਲਾਘਾ ਕੀਤੀ।
ਇਸ ਮੌਕੇ ਐੱਸਸੀ ਮੋਰਚਾ ਦੇ ਪ੍ਰਧਾਨ ਅਜੇਪਾਲ, ਯੁਵਾ ਮੋਰਚਾ ਪ੍ਰਧਾਨ ਰਵੀ ਬੱਤਰਾ, ਮਹਿਲਾ ਮੋਰਚਾ ਪ੍ਰਧਾਨ ਸੀਨੂ ਚੁੱਗ, ਡੌਲੀ ਗੁਸਾਈਂ ,ਕਿਸਾਨ ਮੋਰਚਾ ਪ੍ਰਧਾਨ ਸੁਖਦੇਵ ਸਿੰਘ ਗਿੱਲ, ਪ੍ਰਵਾਸੀ ਮੋਰਚਾ ਪ੍ਰਧਾਨ ਰਾਜੇਸ਼ ਮਿਸ਼ਰਾ, ਮਾਇਨੋਰਟੀ ਮੋਰਚਾ ਪ੍ਰਧਾਨ ਅਨਵਰ ਹੁਸੈਨ ਨੇ ਵੀ ਸੰਬੋਧਨ ਕੀਤਾ।