ਭਾਜਪਾ ਨੇ ਮਨੀਪੁਰ ਅਤੇ ਹਰਿਆਣਾ ’ਚ ਬਲਦੀ ’ਤੇ ਤੇਲ ਪਾਇਆ: ਖੜਗੇ
ਹੈਦਰਾਬਾਦ, 16 ਸਤੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੇਸ਼ ਨੂੰ ਦਰਪੇਸ਼ ਗੰਭੀਰ ਅੰਦਰੂਨੀ ਚੁਣੌਤੀਆਂ ਦਾ ਦਾਅਵਾ ਕਰਦਿਆਂ ਦੋਸ਼ ਲਾਇਆ ਹੈ ਕਿ ਭਾਜਪਾ ਮਨੀਪੁਰ ਅਤੇ ਹਰਿਆਣਾ ਵਾਂਗ ਹਿੰਸਾ ਦੀਆਂ ਹੋਰ ਘਟਨਾਵਾਂ ’ਚ ਬਲਦੀ ’ਤੇ ਤੇਲ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਸਾਰੂ ਅਤੇ ਧਰਮ ਨਿਰਪੱਖ ਭਾਰਤ ਦੀ ਦਿਖ ਨੂੰ ਢਾਹ ਲੱਗੀ ਹੈ। ਨਵੀਂ ਬਣੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਇਥੇ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਸੰਸਦ ਦੇ ਵਿਸ਼ੇਸ਼ ਇਜਲਾਸ ਦਾ ਜ਼ਿਕਰ ਕਰਦਿਆਂ ਪਾਰਟੀ ਵਰਕਰਾਂ ਨੂੰ ਸਰਕਾਰ ਦੇ ਇਰਾਦਿਆਂ ਤੋਂ ਖ਼ਬਰਦਾਰ ਰਹਿਣ ਲਈ ਕਿਹਾ ਅਤੇ ਦੋਸ਼ ਲਾਇਆ ਕਿ ਸਰਕਾਰ ਵਿਰੋਧੀ ਧਿਰ ਤੋਂ ਵਿਹੂਣੀ ਸੰਸਦ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਮੰਗ ਕਰਦੀ ਹੈ ਕਿ ਸਰਕਾਰ ਜਾਤੀ ਜਨਗਨਣਾ ਦੇ ਨਾਲ ਮਰਦਮਸ਼ੁਮਾਰੀ ਦਾ ਅਮਲ ਫੌਰੀ ਤੌਰ ’ਤੇ ਆਰੰਭ ਕਰੇ। ਇਸ ਦੇ ਨਾਲ ਸਿਹਤ, ਸਿੱਖਿਆ, ਰੁਜ਼ਾਗਰ ਅਤੇ ਭੋਜਨ ਸੁਰੱਖਿਆ ਜਿਹੇ ਖੇਤਰਾਂ ’ਚ ਸਮਾਜ ਦੇ ਹਾਸ਼ੀਏ ’ਤੇ ਧੱਕੇ ਤਬਕੇ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਈ ਜਾਵੇ। ‘ਕਾਂਗਰਸ ਪਿਛਲੇ ਇਕ ਦਹਾਕੇ ਤੋਂ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। ਪਾਰਟੀ ਨੇ ਮੋਦੀ ਸਰਕਾਰ ਨੂੰ ਆਮ ਲੋਕਾਂ ਦੇ ਹਿੱਤ ’ਚ ਕਈ ਅਹਿਮ ਫ਼ੈਸਲੇ ਲੈਣ ਲਈ ਮਜਬੂਰ ਕਰ ਦਿੱਤਾ ਹੈ।’ ਸੰਸਦ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੰਬੇ ਰਹੱਸ ਮਗਰੋਂ ਇਜਲਾਸ ਦਾ ਏਜੰਡਾ ਸਾਹਮਣੇ ਆ ਗਿਆ ਹੈ ਅਤੇ ਉਨ੍ਹਾਂ ’ਚੋਂ ਇਕ ਸਰਕਾਰ ਵੱਲੋਂ ਚੋਣ ਕਮਿਸ਼ਨ ’ਤੇ ਮੁਕੰਮਲ ਕੰਟਰੋਲ ਕਰਨਾ ਹੈ।
ਮੀਟਿੰਗ ਦੌਰਾਨ ਖੜਗੇ ਨੇ ਦੋਸ਼ ਲਾਇਆ,‘‘ਸਾਨੂੰ ਹੁਕਮਰਾਨ ਧਿਰ ਦੇ ਇਰਾਦਿਆਂ ਬਾਰੇ ਚੌਕਸ ਰਹਿਣਾ ਹੋਵੇਗਾ। ਇਹ ਸਰਕਾਰ ਵਿਰੋਧੀ ਧਿਰ ਤੋਂ ਬਿਨਾਂ ਸੰਸਦ ਚਾਹੁੰਦੀ ਹੈ। ਉਹ ਸੰਸਦ ਮੈਂਬਰ, ਮੀਡੀਆ ਜਾਂ ਆਮ ਲੋਕ ਨਹੀਂ ਚਾਹੁੰਦੇ ਹਨ ਤਾਂ ਜੋ ਕੋਈ ਸਰਕਾਰ ਤੋਂ ਸਵਾਲ ਨਾ ਪੁੱਛ ਸਕੇ।’’ ਉਨ੍ਹਾਂ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀਆਂ ਤਿੰਨ ਮੀਟਿੰਗਾਂ ਸਫ਼ਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਦਾ ਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਆਗੂਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੰਬਈ ਦੀ ਮੀਟਿੰਗ ਮਗਰੋਂ ਵਿਰੋਧੀ ਆਗੂਆਂ ਖ਼ਿਲਾਫ਼ ਸਿਆਸੀ ਬਦਲਾਖੋਰੀ ਤਹਿਤ ਈਡੀ, ਆਈਟੀ ਅਤੇ ਸੀਬੀਆਈ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਜੀ-20 ਸਿਖਰ ਸੰਮੇਲਨ ਮਗਰੋਂ ਸਰਕਾਰ ਆਪਣੇ ਸੋਹਲੇ ਗਾਉਣ ’ਚ ਰੁੱਝੀ ਹੋਈ ਹੈ ਅਤੇ ਸੰਮੇਲਨ ’ਤੇ 4 ਹਜ਼ਾਰ ਕਰੋੜ ਰੁਪਏ ਖ਼ਰਚੇ ਗਏ ਹਨ ਜਦਕਿ ਵਾਰੀ ਦੇ ਹਿਸਾਬ ਨਾਲ ਭਾਰਤ ਨੂੰ ਇਸ ਦੀ ਮੇਜ਼ਬਾਨੀ ਮਿਲੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੁਨੀਆ ’ਚ ਮੁਲਕ ਦਾ ਰੁਤਬਾ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਸਮੇਂ ਤੋਂ ਹੀ ਵਧਣਾ ਸ਼ੁਰੂ ਹੋ ਗਿਆ ਸੀ। ਖੜਗੇ ਨੇ ਮੋਦੀ ਸਰਕਾਰ ਦੇ ਆਤਮਨਿਰਭਰ ਭਾਰਤ, 5 ਖ਼ਰਬ ਡਾਲਰ ਦਾ ਅਰਥਚਾਰਾ, ਨਵ ਭਾਰਤ 2022, ਅੰਮ੍ਰਿਤਕਾਲ ਅਤੇ ਤੀਜਾ ਸਭ ਤੋਂ ਵੱਡਾ ਅਰਥਚਾਰਾ ਜਿਹੇ ਨਾਅਰੇ ਖੋਖਲੇ ਕਰਾਰ ਦਿੱਤੇ। ਉਨ੍ਹਾਂ ਕਿਹਾ ਕਿ ਕੁਝ ਪੂੰਜੀਪਤੀ ਦੋਸਤਾਂ ਨੂੰ ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਕੌਮੀ ਸੁਰੱਖਿਆ ਦੇ ਮੁਹਾਜ ’ਤੇ ਖੜਗੇ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਚੀਨ ਵੱਲੋਂ ਕੀਤੇ ਗਏ ਕਬਜ਼ੇ ਨੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੋਖਲੇ ਨਾਅਰਿਆਂ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਵੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਵਿਧਾਨ, ਲੋਕਤੰਤਰ ਅਤੇ ਲਤਾੜੇ ਹੋਏ ਭਾਈਚਾਰਿਆਂ ਦੇ ਹੱਕਾਂ ਦੀ ਰਾਖੀ ਪ੍ਰਤੀ ਵਚਨਬੱਧ ਹੈ। -ਪੀਟੀਆਈ
ਆਉਂਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਬਾਰੇ ਉਲੀਕੀ ਜਾਵੇਗੀ ਰਣਨੀਤੀ
ਪੰਜ ਸੂਬਿਆਂ ’ਚ ਆਗਾਮੀ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਵਿਆਪਕ ਖਾਕਾ ਤਿਆਰ ਕਰਨ ’ਤੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਪਹਿਲੀ ਮੀਟਿੰਗ ’ਚ ਧਿਆਨ ਕੇਂਦਰਿਤ ਕੀਤਾ ਗਿਆ। ਤਿਲੰਗਾਨਾ ਦੀ ਰਾਜਧਾਨੀ ’ਚ ਸੀਡਬਲਿਊਸੀ ਦੀ ਅਹਿਮ ਮੀਟਿੰਗ ਕਰਕੇ ਕਾਂਗਰਸ ਨੇ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਸੂਬੇ ’ਚ ਬੀਆਰਐੱਸ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਪੂਰੀ ਵਾਹ ਲਾਏਗੀ। ਕਈ ਸਾਲਾਂ ਬਾਅਦ ਸੀਡਬਲਿਊਸੀ ਦੀ ਮੀਟਿੰਗ ਦਿੱਲੀ ਤੋਂ ਬਾਹਰ ਹੋ ਰਹੀ ਹੈ ਜਦਕਿ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਮਲਿਕਾਰਜੁਨ ਖੜਗੇ ਦੀ ਵੀ ਇਹ ਪਹਿਲੀ ਸੀਡਬਲਿਊਸੀ ਮੀਟਿੰਗ ਹੈ। ਇਥੇ ਮੀਟਿੰਗ ਤੋਂ ਪਹਿਲਾਂ ਤਾਜ ਕ੍ਰਿਸ਼ਨਾ ਹੋਟਲ ’ਚ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਸੋਨੀਆ ਅਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਅਤੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਤੇ ਜੈਰਾਮ ਰਮੇਸ਼ ਹਾਜ਼ਰ ਸਨ।
ਕਿਸੇ ਨੂੰ ਬਲੈਕਲਿਸਟ ਨਹੀਂ ਕੀਤਾ, ਬਲਕਿ ਇਹ ਟੀਵੀ ਐਂਕਰਾਂ ਖ਼ਿਲਾਫ਼ ਅਸਹਿਯੋਗ ਅੰਦੋਲਨ: ਕਾਂਗਰਸ
ਨਵੀਂ ਦਿੱਲੀ: ਕਾਂਗਰਸੀ ਆਗੂ ਪਵਨ ਖੇੜਾ ਨੇ ਅੱਜ ਕਿਹਾ ਕਿ ‘ਇੰਡੀਆ’ ਗੱਠਜੋੜ ਨੇ ਕਿਸੇ ਦਾ ਬਾਈਕਾਟ ਜਾਂ ਕਿਸੇ ਨੂੰ ਬਲੈਕਲਿਸਟ ਨਹੀਂ ਕੀਤਾ ਹੈ ਬਲਕਿ ਇਹ ਇਕ ਅਸਹਿਯੋਗ ਅੰਦੋਲਨ ਹੈ। ਜਿਨ੍ਹਾਂ 14 ਪੱਤਰਕਾਰਾਂ ਦੇ ਨਾਮ ਲਏ ਗਏ ਹਨ, ਜੇਕਰ ਉਹ ਆਪੋ-ਆਪਣੀਆਂ ਗਲਤੀਆਂ ਮੰਨ ਲੈੈਂਦੇ ਹਨ ਤਾਂ ‘ਇੰਡੀਆ’ ਦੇ ਆਗੂ ਉਨ੍ਹਾਂ ਦੇ ਸ਼ੋਅ ’ਚ ਸ਼ਾਮਲ ਹੋਣਾ ਸ਼ੁਰੂ ਕਰ ਦੇਣਗੇ। ਖੇੜਾ ਨੇ ਕਿਹਾ, ‘‘ਅਸੀਂ ਕਿਸੇ ’ਤੇ ਰੋਕ ਨਹੀਂ ਲਾਈ ਹੈ, ਨਾ ਕਿਸੇ ਦਾ ਬਾਈਕਾਟ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਬਲੈਕਲਿਸਟ ਕੀਤਾ ਹੈ। ਇਹ ਇਕ ਅਸਹਿਯੋਗ ਅੰਦੋਲਨ ਹੈ। ਜੋ ਕੋਈ ਸਮਾਜ ਵਿੱਚ ਨਫ਼ਰਤ ਫੈਲਾਅ ਰਿਹਾ ਹੈ ਅਸੀਂ ਉਸ ਨਾਲ ਸਹਿਯੋਗ ਨਹੀਂ ਕਰਾਂਗੇ।’’ ਉਹ ਕਾਂਗਰਸ ਵਰਕਿੰਗ ਕਮੇਟੀ ਦੀ ਦੋ ਦਿਨਾ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। -ਏਐੱਨਆਈ
ਸੰਵਿਧਾਨ ’ਤੇ ਹਮਲੇ ਦੀ ਨਿਖੇਧੀ ਸਣੇ ਹੋਰ ਮਤੇ ਪਾਸ
ਸੀਡਬਲਿਊਸੀ ਨੇ ਸੰਵਿਧਾਨ ’ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲੇ ਦਾ ਸਾਰੀਆਂ ਲੋਕਰਾਜੀ ਤਾਕਤਾਂ ਨੂੰ ਨਿਖੇਧੀ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਮਜ਼ਬੂਤੀ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਇਸ ਨਾਲ ਪ੍ਰਧਾਨ ਮੰਤਰੀ ਅਤੇ ਭਾਜਪਾ ਬੁਖਲਾ ਗਏ ਹਨ। ਕਾਂਗਰਸ ਆਗੂ ਪੀ ਚਿਦੰਬਰਮ ਅਤੇ ਜੈਰਾਮ ਰਮੇਸ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਡਬਲਿਊਸੀ ਨੇ ਭਾਜਪਾ ਵੱਲੋਂ ਸੰਘਵਾਦ ਦੇ ਸਿਧਾਂਤਾਂ ਅਤੇ ਭਾਵਨਾ ਨੂੰ ਢਾਹ ਲਗਾਉਣ ਖ਼ਿਲਾਫ਼ ਵੀ ਮਤਾ ਪਾਸ ਕੀਤਾ ਹੈ। ਇਕ ਮਤੇ ਰਾਹੀਂ ਐੱਸਸੀ, ਐੱਸਟੀ, ਓਬੀਸੀਜ਼ ਦੇ ਰਾਖਵੇਂਕਰਨ ਦੀ ਮੌਜੂਦਾ ਹੱਦ ਵਧਾਉਣ ਦਾ ਵੀ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ ਬਿੱਲ ਦੀ ਵੀ ਨਿਖੇਧੀ ਕੀਤੀ ਗਈ ਹੈ ਜਿਸ ਨਾਲ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਹਿੰਸਾ ਅਤੇ ਹਿਮਾਚਲ ’ਚ ਕੁਦਰਤੀ ਆਫ਼ਤਾਂ ਦੌਰਾਨ ਹੋਈਆਂ ਮੌਤਾਂ ’ਤੇ ਵੀ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ। -ਪੀਟੀਆਈ