ਭਾਜਪਾ ਨੂੰ ਹਰਾਉਣ ਲਈ ‘ਆਪ’ ਨੂੰ ਮਜ਼ਬੂਤ ਕਰੋ: ਕੇਜਰੀਵਾਲ
ਪੱਤਰ ਪ੍ਰੇਰਕ/ਏਜੰਸੀ
ਨਵੀਂ ਦਿੱਲੀ, 31 ਮਈ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੀਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਗੁਜਰਾਤ ਦੇ ਵਿਧਾਨ ਸਭਾ ਹਲਾਕ ਵਿਸਾਵਦਰ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੋਪਾਲ ਇਟਾਲੀਆ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਮਗਰੋਂ ਇਟਾਲੀਆ ਨੇ ਪਾਰਟੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਨਾਜ਼ਦਗੀ ਪੱਤਰ ਦਾਖਲ ਕੀਤੇ। ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਵੋਟਰਾਂ ਨੂੰ ਭਾਜਪਾ ਨੂੰ ਹਰਾਉਣ ਲਈ ਗੋਪਾਲ ਇਟਾਲੀਆ ਨੂੰ ਜਿਤਾਉਣ ਦੀ ਅਪੀਲ ਕੀਤੀ।
ਵਿਸਾਵਦਰ ਸੀਟ ਦਸੰਬਰ 2023 ਵਿੱਚ ‘ਆਪ’ ਵਿਧਾਇਕ ਭੁਪੇਂਦਰ ਭਯਾਨੀ ਦੇ ਅਸਤੀਫਾ ਦੇਣ ਅਤੇ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। ਜੂਨਾਗੜ੍ਹ ਜ਼ਿਲ੍ਹੇ ਦੇ ਵਿਸਾਵਦਰ ਦੇ ਨਾਲ ਨਾਲ ਮਹਿਸਾਣਾ ਜ਼ਿਲ੍ਹੇ ਦੇ ਕਾਦੀ ਵਿੱਚ 19 ਜੂਨ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਇਸ ਦਾ ਨਤੀਜਾ 23 ਜੂਨ ਨੂੰ ਆਵੇਗਾ।
ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਭਾਜਪਾ ਇੱਥੇ ਜਿੱਤ ਨਹੀਂ ਸਕੀ, ਤਾਂ ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਨੇ ਸਾਡਾ ਵਿਧਾਇਕ ਤੋੜਿਆ, ਜੋ ਬਾਅਦ ਵਿੱਚ ਭਾਜਪਾ ’ਚ ਸ਼ਾਮਲ ਹੋ ਗਿਆ। ਵਿਸਾਵਦਰ ਤੋਂ ਕਾਂਗਰਸੀ ਵਿਧਾਇਕ ਨਾਲ ਵੀ ਉਨ੍ਹਾਂ ਅਜਿਹਾ ਹੀ ਕੀਤਾ ਸੀ। ਹੁਣ ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਓ। ਇਹ ਭਾਜਪਾ ਲਈ ਵੱਡਾ ਝਟਕਾ ਹੋਵੇਗਾ।’ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਗੁਜਰਾਤ ਵਿੱਚ ਜਿੱਤੀ ਹੈ ਪਰ ਵਿਸਾਵਦਰ ਵਿੱਚ ਨਹੀਂ। ਜ਼ਿਕਰਯੋਗ ਹੈ ਕਿ ਇਸ ਜ਼ਿਮਨੀ ਚੋਣ ਲਈ ਕਾਂਗਰਸ ਅਤੇ ਭਾਜਪਾ ਨੇ ਹਾਲੇ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। -ਪੀਟੀਆਈ