ਭਾਜਪਾ ਨੂੰ ਭੁਗਤਣੇ ਪੈਣਗੇ ਜੰਗ ਤੇ ਪਾਣੀ ਦੀ ਦੋਹਰੀ ਮਾਰ ਦੇ ਨਤੀਜੇ: ਹਡਾਣਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਈ
ਕੇਂਦਰ ਸਰਕਾਰ ਵੱਲੋਂ ਬੀਬੀਐੱਮਬੀ ਰਾਹੀਂ ਸੂਬੇ ਦੇ ਪਾਣੀਆਂ ਨੂੰ ਖੋਹਣ ਦੀ ਕਿਸੇ ਵੀ ਕੋਸ਼ਿਸ਼ ਨੂੰ ਪੰਜਾਬ ਸਰਕਾਰ ਸਫਲ ਨਹੀਂ ਹੋਣ ਦੇਵੇਗੀ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਕੌਮਾਂਤਰੀ ਸਰਹੱਦਾਂ ’ਤੇ ਦੁਸ਼ਮਣ ਦਾ ਬਹਾਦਰੀ ਨਾਲ ਸਾਹਮਣਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਸੂਬੇ ਨੂੰ ਉਸ ਦੇ ਪਾਣੀਆਂ ਤੋਂ ਵਾਂਝਾ ਕਰਨ ਲਈ ਖੇਡਾਂ ਰਚ ਰਹੀ ਹੈ। ਭਾਜਪਾ ਹਕੂਮਤ ਨੇ ਬਦਲਾਖੋਰੀ ਨੀਤੀ ਤਹਿਤ ਹਮੇਸ਼ਾ ਪੰਜਾਬ ਵਿਰੋਧੀ ਫ਼ੈਸਲੇ ਲਏ ਹਨ ਪਰ ਜੇ ਪੰਜਾਬੀ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਕਰ ਸਕਦੇ ਹਨ, ਤਾਂ ਉਹ ਆਪਣੇ ਪਾਣੀਆਂ ਦੀ ਰਾਖੀ ਕਰਨ ਦੇ ਵੀ ਸਮਰੱਥ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨੰਗਲ ਵਿੱਚ ਬੀਬੀਐੱਮਬੀ ਵੱਲੋਂ ਪਾਣੀ ਛੱਡਣ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਵਿੱਚ ਵੀ ਰਣਜੋਧ ਹਾਡਾਣਾ ਨੇ ਸ਼ਿਰਕਤ ਕੀਤੀ। ਇਥੇ ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜੰਗ ਅਤੇ ਪਾਣੀ ਦੀ ਦੋਹਰੀ ਮਾਰ ਦੇਣ ਦੇ ਨਤੀਜੇ ਭਾਜਪਾ ਨੂੰ ਜ਼ਰੂਰ ਭੁਗਤਣੇ ਪੈਣਗੇ। ਪੰਜਾਬ ਪੂਰੀ ਤਰ੍ਹਾਂ ਚੌਕਸ ਹੈ ਕਿਉਂਕਿ ਪੰਜਾਬ ਪੁਲੀਸ ਅਤੇ ਸੂਬਾ ਵਾਸੀ ਪਾਕਿਸਤਾਨ ਨਾਲ ਲੱਗਦੀ 532 ਕਿਲੋਮੀਟਰ ਸਰਹੱਦ ਦੀ ਰਾਖੀ ਲਈ ਫੌਜ ਦੀ ਮਦਦ ਕਰ ਰਹੇ ਹਨ। ਜੰਗ ਦੇ ਹਾਲਾਤਾਂ ’ਚ ਸਰਹੱਦੀ ਸੂਬਾ ਹੋਣ ਦੇ ਨਾਤੇ ਸਾਨੂੰ ਸੁਖਾਲਾ ਕਰਨ ਦੀ ਬਜਾਏ ਬੀਜੇਪੀਸਾਡੇ ਲਈ ਪਾਣੀਆਂ ਦਾ ਸੰਕਟ ਪੈਦਾ ਕਰ ਰਹੀ ਹੈ ਜਿਸ ਕਾਰਨ ਸਾਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ।