ਭਾਜਪਾ ਦੇ ਵਫ਼ਦ ਵੱਲੋਂ ਨੂਹ ਦਾ ਦੌਰਾ, ‘ਆਪ’ ਆਗੂਆਂ ਨੂੰ ਰਾਹ ’ਚ ਹੀ ਰੋਕਿਆ
ਗੁਰੂਗ੍ਰਾਮ, 9 ਅਗਸਤ
ਭਾਜਪਾ ਦੇ ਵਫ਼ਦ ਨੇ ਨੂਹ ਪੁੱਜ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ। ਹਾਲਾਂਕਿ, ‘ਆਪ’ ਦੇ ਵਫ਼ਦ ਨੂੰ ਨੂਹ ਪੁੱਜਣ ਤੋਂ ਪਹਿਲਾਂ ਰਾਹ ਵਿੱਚ ਹੀ ਰੋਕ ਦਿੱਤਾ ਗਿਆ। ਭਾਜਪਾ ਦੇ ਵਫ਼ਦ ਦੀ ਅਗਵਾਈ ਪਾਰਟੀ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਕੀਤੀ, ਜਦਕਿ ਵਫ਼ਦ ਵਿੱਚ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਤੇ ਪਾਰਟੀ ਦੇ ਜਨਰਲ ਸਕੱਤਰ ਮੋਹਨ ਲਾਲ ਬਦੌਲੀ, ਸੋਹਨਾ ਤੋਂ ਵਿਧਾਇਕ ਸੰਜੈ ਸਿੰਘ ਤੇ ਸਮੇਂ ਸਿੰਘ ਭੱਟੀ ਸ਼ਾਮਲ ਸਨ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਦੇ ਸੱਤ ਮੈਂਬਰੀ ਵਫ਼ਦ ਨੂੰ ਰੇਵਾਸਨ ਪਿੰਡ ’ਚ ਦਾਖ਼ਲ ਹੁੰਦਿਆਂ ਹੀ ਪੁਲੀਸ ਵੱਲੋਂ ਰੋਕ ਦਿੱਤਾ ਗਿਆ। ਇਹ ਵਫ਼ਦ ਹਰਿਆਣਾ ਦੀ ‘ਆਪ’ ਇਕਾਈ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਐੱਮਪੀ ਡਾ. ਸੁਸ਼ੀਲ ਗੁਪਤਾ ਦੀ ਅਗਵਾਈ ਹੇਠ ਪੁੱਜਾ ਸੀ, ਜਿਸ ਵਿੱਚ ਅਨੁਰਾਧਾ ਸ਼ਰਮਾ, ਮਨੀਸ਼ ਯਾਦਵ, ਮੁਕੇਸ਼ ਡਾਗਰ, ਧਰਮੇਂਦਰ ਖਟਾਨਾ, ਧੀਰਜ ਯਾਦਵ ਤੇ ਮੀਨੂ ਸਿੰਘ ਸ਼ਾਮਲ ਸਨ। ਇਸ ਦੌਰਾਨ ਡਾ. ਗੁਪਤਾ ਨੇ ਕਿਹਾ,‘ਭਾਜਪਾ ਆਗੂਆਂ ਨੂੰ ਜਾਣ ਦੀ ਆਗਿਆ ਦਿੱਤੀ ਗਈ, ਜਦਕਿ ਸਾਨੂੰ ਰੋਕ ਦਿੱਤਾ ਗਿਆ। ਅਸੀਂ ਦੰਗਾ ਪੀੜਤਾਂ ਨੂੰ ਮਿਲਣਾ ਚਾਹੁੰਦੇ ਸਾਂ। ਭਾਜਪਾ ਨੂੰ ਕਿਹੜੀ ਗੱਲ ਦਾ ਡਰ ਹੈ?’ ਦੂਜੇ ਪਾਸੇ, ਭਾਜਪਾ ਵਫ਼ਦ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਮਿਲਣਾ ਚਾਹੁੰਦੇ ਸਨ, ਜਦਕਿ ਕਾਂਗਰਸ, ‘ਆਪ’ ਤੇ ਸੀਪੀਆਈ ਦੇ ਆਗੂ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਨੂਹ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ। -ਪੀਟੀਆਈ
ਮੁਸਲਿਮ ਕਾਰੋਬਾਰੀਆਂ ’ਤੇ ਪਾਬੰਦੀ ਲਾਉਣ ਸਬੰਧੀ ਪੱਤਰ ਸੋਸ਼ਲ ਮੀਡੀਆ ’ਤੇ ਨਸ਼ਰ
ਚੰਡੀਗੜ੍ਹ: ਨੂਹ ਜ਼ਿਲ੍ਹੇ ਵਿੱਚ ਇਨ੍ਹੀਂ ਦਿਨੀਂ ਫ਼ਿਰਕੂ ਤਣਾਅ ਦੇ ਮਾਹੌਲ ਦਰਮਿਆਨ ਹਰਿਆਣਾ ਦੇ ਮਹੇਂਦਰਗੜ੍ਹ, ਰਿਵਾੜੀ ਅਤੇ ਝੱਜਰ ਦੇ ਪੰਚਾਇਤ ਮੁਖੀਆਂ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਦੇ ਪਿੰਡਾਂ ਵਿੱਚ ਮੁਸਲਿਮ ਕਾਰੋਬਾਰੀਆਂ ’ਤੇ ਪਾਬੰਦੀ ਲਾਉਣ ਸਬੰਧੀ ਲਿਖੇ ਪੱਤਰ ਸੋਸ਼ਲ ਮੀਡੀਆ ’ਤੇ ਨਸ਼ਰ ਹੋ ਗਏ ਹਨ। ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਉਹ ਜਾਂਚ ਕਰ ਰਹੇ ਹਨ। ਕੁਝ ਪਿੰਡਾਂ ਦੇ ਸਰਪੰਚਾਂ ਵੱਲੋਂ ਕਥਿਤ ਤੌਰ ’ਤੇ ਲਿਖੇ ਇਨ੍ਹਾਂ ਪੱਤਰਾਂ ਵਿੱਚ ਆਖਿਆ ਗਿਆ ਹੈ ਕਿ ਪੰਚਾਇਤਾਂ ਨੇ ਮੁਸਲਿਮ ਭਾਈਚਾਰੇ ਤੇ ਸ਼ਰਾਰਤੀ ਤੱਤਾਂ ਨੂੰ ਕਿਸੇ ਕਿਸਮ ਦਾ ਕਾਰੋਬਾਰ ਕਰਨ ਦੀ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ’ਚ ਖਾਸ ਤੌਰ ’ਤੇ ਫੇਰੀ ਵਾਲਿਆਂ, ਪਸ਼ੂਆਂ ਦੇ ਵਪਾਰੀਆਂ ਅਤੇ ਭੀਖ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ, ਇਸ ਸਬੰਧੀ ਸੰਪਰਕ ਕੀਤੇ ਜਾਣ ’ਤੇ ਮਹੇਂਦਰਗੜ੍ਹ ਤੇ ਰਿਵਾੜੀ ਵਿੱਚ ਕਈ ਸਰਪੰਚਾਂ ਨੇ ਕਿਸੇ ਖ਼ਾਸ ਤਬਕੇ ਦਾ ਜ਼ਿਕਰ ਕਰਦਿਆਂ ਅਜਿਹੇ ਪੱਤਰ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ।
ਮਹੇਂਦਰਗੜ੍ਹ ਦੀ ਡੀਸੀ ਮੋਨਿਕਾ ਗੁਪਤਾ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਏਜੰਸੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਕਿਹਾ,‘ਸੋਸ਼ਲ ਮੀਡੀਆ ’ਤੇ ਸ਼ਾਇਦ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੱਤਰ ਪਿੰਡਾਂ ਦੇ ਸਰਪੰਚਾਂ ਵੱਲੋਂ ਸਬੰਧਤ ਐੱਸਡੀਐੱਮਜ਼ ਕੋਲ ਜਮ੍ਹਾਂ ਕਰਵਾਏ ਗਏ ਹਨ। ਹਾਲਾਂਕਿ, ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਅਜੇ ਤੱਕ ਸਾਡੇ ਕਿਸੇ ਵੀ ਪ੍ਰਸ਼ਾਸਕੀ ਅਧਿਕਾਰੀ ਕੋਲ ਕਿਸੇ ਵੀ ਸਰਪੰਚ ਵੱਲੋਂ ਲਿਖਿਆ ਅਜਿਹਾ ਪੱਤਰ ਨਹੀਂ ਮਿਲਿਆ। ਹਾਲਾਂਕਿ, ਮੀਡੀਆ ’ਚ ਜੋ ਕੁਝ ਵੀ ਆ ਰਿਹਾ ਹੈ, ਅਸੀਂ ਖ਼ੁਦ ਇਸ ਦਾ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧ ’ਚ ਫੀਲਡ ਅਧਿਕਾਰੀਆਂ ਤੋਂ ਰਿਪੋਰਟਾਂ ਮੰਗਵਾਈਆਂ ਹਨ। ਇਸ ਦੌਰਾਨ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੇ ਅਜਿਹੇ ਪੱਤਰ ਲਿਖੇ ਜਾਣ ਤੋਂ ਇਨਕਾਰ ਕੀਤਾ ਹੈ।
ਝੱਜਰ ਦੇ ਡੀਸੀ ਕੈਪਟਨ ਸ਼ਕਤੀ ਸਿੰਘ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਕਿਸੇ ਸਰਪੰਚ ਦੇ ਲੈਟਰ ਹੈੱਡ ਦੀ ਦੁਰਵਰਤੋਂ ਕਰ ਕੇ ਇਸ ਨੂੰ ਸੋਸ਼ਲ ਮੀਡੀਆ ’ਤੇ ਪਾ ਦਿੱਤਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਨੂਹ ਹਿੰਸਾ ਦੇ ਸਬੰਧ ’ਚ ਹੁਣ ਤੱਕ ਕੁੱਲ 57 ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਤੱਕ 188 ਜਣੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਦੇ ਦੋਸ਼ ਹੇਠ 11 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ