ਭਾਜਪਾ ਦੇ ਮਹਿਲਾ ਮੋਰਚਾ ਵੱਲੋਂ ਕਾਂਗਰਸੀ ਵਿਧਾਇਕ ਖ਼ਿਲਾਫ਼ ਮੁਜ਼ਾਹਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਮਈ
ਭਾਜਪਾ ਮਹਿਲਾ ਮੋਰਚਾ ਕੁਰੂਕਸ਼ੇਤਰ ਨੇ ਥਾਨੇਸਰ ਦੇ ਕਾਂਗਰਸੀ ਵਿਧਾਇਕ ਅਸ਼ੋਕ ਕੁਮਾਰ ਅਰੋੜਾ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਸ਼ਹਿਰ ਅਗਰਸੈਨ ਚੌਕ ’ਚ ਉਨ੍ਹਾਂ ਦਾ ਪੁਤਲਾ ਸਾੜਿਆ। ਪ੍ਰਦਰਸ਼ਨ ਦੀ ਅਗਵਾਈ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਪਰਮਜੀਤ ਕਸ਼ਯਪ ਨੇ ਕੀਤੀ। ਔਰਤਾਂ ਨੇ ਅਸ਼ੋਕ ਅਰੋੜਾ ਅਤੇ ਕਾਂਗਰਸ ਪਾਰਟੀ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸ਼ੋਕ ਅਰੋੜਾ ਨੇ 23 ਮਈ ਨੂੰ ਨਗਰ ਕੌਂਸਲ ਥਾਨੇਸਰ ਦਫ਼ਤਰ ਵਿੱਚ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਚੇਅਰਪਰਸਨ ਮਾਫੀ ਢਾਂਡਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਕਈ ਮਹਿਲਾ ਕੌਂਸਲਰਾਂ ਦੇ ਸਾਹਮਣੇ ਜਨਤਕ ਤੌਰ ’ਤੇ ਕਥਿਤ ਅਪਮਾਨਜਨਕ ਅਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਸੀ। ਇਸ ਸੰਦਰਭ ਵਿੱਚ ਅੱਜ ਔਰਤਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਮੌਜੂਦਾ ਕਾਂਗਰਸੀ ਵਿਧਾਇਕ, ਜੋ ਪਹਿਲਾਂ ਸਪੀਕਰ ਅਤੇ ਮੰਤਰੀ ਵੀ ਰਹਿ ਚੁੱਕੇ ਹਨ, ਵੱਲੋਂ ਇਸ ਤਰ੍ਹਾਂ ਦਾ ਵਿਹਾਰ ਨਾ ਸਿਰਫ਼ ਨਿੰਦਣਯੋਗ ਹੈ ਸਗੋਂ ਸਮਾਜ ਦੇ ਮਾਣ-ਸਨਮਾਨ ਦੇ ਵਿਰੁੱਧ ਵੀ ਹੈ। ਇਸ ਕਾਰਨ ਉਸ ਦਾ ਅਸਲੀ ਚਿਹਰਾ ਸਾਰਿਆਂ ਸਾਹਮਣੇ ਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਚੇਅਰਮੈਨ ਮਾਫ਼ੀ ਢਾਂਡਾ ਦੇ ਨਾਲ-ਨਾਲ ਲਗਭਗ ਸਾਰੀਆਂ ਮਹਿਲਾ ਕੌਂਸਲਰ ਵੀ ਮੌਜੂਦ ਸਨ। ਸਾਰਿਆਂ ਨੇ ਸਹੁੰ ਖਾਧੀ ਕਿ ਅਜਿਹਾ ਵਿਹਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਇਸ ਵਿੱਚ ਸ਼ਾਮਲ ਵਿਅਕਤੀ ਵਿਧਾਇਕ ਹੀ ਕਿਉਂ ਨਾ ਹੋਵੇ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ ਵੀਡੀਓ ਫੁਟੇਜ ਸਮੇਤ ਮਹਿਲਾ ਕਮਿਸ਼ਨ, ਮਾਣਯੋਗ ਰਾਜਪਾਲ, ਸਪੀਕਰ ਅਤੇ ਮੁੱਖ ਮੰਤਰੀ ਨੂੰ ਦੇ ਦਿੱਤੀ ਗਈ ਹੈ ਅਤੇ ਅਸ਼ੋਕ ਅਰੋੜਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਮਹਿਲਾ ਮੋਰਚਾ ਨੇ ਮੰਗ ਕੀਤੀ ਕਿ ਅਸ਼ੋਕ ਅਰੋੜਾ ਨੂੰ ਤੁਰੰਤ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਸਾਰੀਆਂ ਔਰਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਹਿਲਾ ਮੋਰਚਾ ਭਵਿੱਖ ਵਿੱਚ ਹੋਰ ਵੀ ਹਮਲਾਵਰ ਅੰਦੋਲਨ ਸ਼ੁਰੂ ਕਰੇਗਾ। ਇਸ ਦੌਰਾਨ ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਂਗਰਸੀ ਵਿਧਾਇਕ ਨੇ ਵੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਉਨ੍ਹਾਂ ’ਤੇ ਹਮਲੇ ਦੇ ਦੋਸ਼ ਲਾਏ ਸਨ ਤੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਉਨ੍ਹਾਂ ਦੋਸ਼ ਲਾਇਆ ਸੀ ਕਿ ਮੀਟਿੰਗ ਵਿੱਚ ਬਾਹਰੀ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ਉਤੇ ਹਮਲਾ ਕੀਤਾ ਹੈ। ਅਰੋੜਾ ਨੇ ਦੋਸ਼ ਲਾਇਆ ਸੀ ਉਨ੍ਹਾਂ ਤੇ ਕੀਤਾ ਗਿਆ ਜਾਨ ਲੇਵਾ ਹਮਲਾ ਗਿਣੀ ਮਿੱਥੀ ਸਾਜ਼ਿਸ ਸੀ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗੀ ਤੇ ਉਹ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।