ਭਾਜਪਾ ਤੇ ‘ਆਪ’ ਵਿੱਚ ਜੀ-20 ਦੀ ਤਿਆਰੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਹੋੜ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਗਸਤ
ਇੱਥੇ 9 ਅਤੇ 10 ਸੰਤਬਰ ਨੂੰ ਹੋਣ ਵਾਲੇ ਜੀ-20 ਸਿਖਰ ਸੰਮਲੇਨ ਦੀ ਤਿਆਰੀ ਲਈ ਕੌਮੀ ਰਾਜਧਾਨੀ ਦੀ ਸਜਾਵਟ ਕੀਤੀ ਜਾ ਰਹੀ ਹੈ। ਇਸ ਦੌਰਾਨ ਕੇਂਦਰ ’ਚ ਸੱਤਾਧਾਰੀ ਪਾਰਟੀ ਭਾਜਪਾ ਅਤੇ ਦਿੱਲੀ ਵਿੱਚ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਜੀ-20 ਦੀ ਤਿਆਰੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਹੋੜ ਲੱਗ ਗਈ ਹੈ। ਦੋਵਾਂ ਪਾਰਟੀਆਂ ਵੱਲੋਂ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਇੱਕ-ਦੂਜੇ ’ਤੇ ਦੋਸ਼ ਲਾਏ ਜਾ ਰਹੇ ਹਨ।
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੇਂਦਰ ਸਰਕਾਰ ਜੀ-20 ਕਾਨਫਰੰਸ ਦੀ ਤਿਆਰੀ ਲਈ ਦਿੱਲੀ ਸਰਕਾਰ ਅਤੇ ਨਗਰ ਨਿਗਮ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਫੰਡ ਦੇ ਰਹੀ ਹੈ। ਸਚਦੇਵਾ ਨੇ ਕਿਹਾ ਕਿ ਜੇ ਕੇਜਰੀਵਾਲ ਪ੍ਰਸ਼ਾਸਨ ਆਪਣੀ ਯੋਜਨਾਬੱਧ ਪਹਿਲਕਦਮੀ ਨੂੰ ਪੂਰਾ ਕਰ ਲੈਂਦਾ ਤਾਂ ਹੁਣ ਤੱਕ ਦਿੱਲੀ ਵਿੱਚ ਵੱਡੇ ਪੱਧਰ ’ਤੇ ਸੁਧਾਰ ਆ ਗਿਆ ਹੁੰਦਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਵੱਲੋਂ ਪਹਿਲਾਂ ਪ੍ਰਗਤੀ ਮੈਦਾਨ ਸੁਰੰਗ ਅਤੇ ਬਾਅਦ ਵਿੱਚ ਐਨਡੀਐਮਸੀ ਖੇਤਰ ਵਿੱਚ ਕੰਧ ਚਿੱਤਰਕਾਰੀ ਦਾ ਸੰਕਲਪ ਵੀ ਪੇਸ਼ ਕੀਤਾ ਗਿਆ ਸੀ। ਸਚਦੇਵਾ ਨੇ ਕਿਹਾ ਕਿ ਇਹ ਅਫਸੋਸਜਨਕ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ‘ਬੇਸ਼ਰਮੀ’ ਨਾਲ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਦਿੱਲੀ ਦੀ ਤਬਦੀਲੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਸਚਦੇਵਾ ਨੇ ਕਿਹਾ ਕਿ ਦਿੱਲੀ ਭਾਜਪਾ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰੇਗੀ ਤੇ ਕੇਂਦਰ ਵੱਲੋਂ ਦਿੱਤੇ ਗਏ ਫੰਡ ਸਬੰਧੀ ਵੇਰਵਾ ਸਾਂਝਾ ਕਰੇਗੀ।
ਸੜਕਾਂ ਲਈ ਫੰਡ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਮਹਿਕਮੇ ਨੇ ਅਲਾਟ ਕੀਤੇ: ਜਰਨੈਲ ਸਿੰਘ
‘ਆਪ’ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਹੈਰਾਨੀ ਹੁੰਦੀ ਹੈ ਕਿ ਭਾਜਪਾ ਨੂੰ ‘ਆਪ’ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਆਪਣਾ ਹੋਣ ਦਾ ਦਾਅਵਾ ਕਰਨਾ ਪਿਆ। ਸੜਕਾਂ ਲਈ ਸਾਰੇ ਫੰਡ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਮਹਿਕਮੇ ਵੱਲੋਂ ਅਲਾਟ ਕੀਤੇ ਗਏ ਸਨ। ਨਗਰ ਨਿਗਮ ਸੜਕਾਂ ਲਈ ਵੀ ਐੱਮਸੀਡੀ ਵੱਲੋਂ ਫੰਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੇ ਸਮੇਂ ’ਚ ਗੰਦੀ ਰਾਜਨੀਤੀ ਕਰਨ ਕਰ ਰਹੀ ਹੈ ਜਦੋਂ ਦੇਸ਼ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਜਰਨੈਲ ਸਿੰਘ ਨੇ ਕਿਹਾ, ‘‘ਇਸ ਪੱਧਰ ਦੀ ਸਿਆਸਤ ਦੇਸ਼ ਦੀ ਮਦਦ ਕਰਨ ਵਾਲੀ ਨਹੀਂ ਹੈ। ਅਸੀਂ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਹੇ ਹਾਂ ਪਰ ਭਾਜਪਾ ਨੂੰ ਇਸ ਦੀ ਪਰਵਾਹ ਨਹੀਂ।’’